ਨੂਰਪੁਰਬੇਦੀ ਵਿਖੇ ਡੇਰੇ ’ਚ ਅਚਾਨਕ ਲੱਗੀ ਅੱਗ, ਜ਼ਿੰਦਾ ਸੜੇ ਡੇਰੇ ਦੇ ਸੰਤ

02/03/2022 11:44:57 AM

ਨੂਰਪੁਰਬੇਦੀ (ਭੰਡਾਰੀ)- ਖੇਤਰ ਦੇ ਪਿੰਡ ਟਿੱਬਾ ਨੰਗਲ ਵਿਖੇ ਸਥਿਤ ਡੇਰਾ ਬਾਬਾ ਬਲਰਾਮ ਪੁਰੀ ਖੂਹੀ ਉਪਰਲੀ ਦੇ ਸੰਤ ਬਾਬਾ ਦਿਗੰਬਰ ਰਾਧੇ ਸ਼ਾਮ ਪੁਰੀ (60) ਜੋ ਇਕੱਲੇ ਰਹਿੰਦੇ ਸਨ, ਅਚਾਨਕ ਡੇਰੇ ’ਚ ਅੱਗ ਲੱਗਣ ’ਤੇ ਜ਼ਿੰਦਾ ਸੜ ਗਏ। ਇਸ ਘਟਨਾ ਨੂੰ ਲੈ ਕੇ ਪਿੰਡ ’ਚ ਮਾਹੌਲ ਗਮਗੀਨ ਹੈ।

ਉਕਤ ਸੰਤ ਬੀੜੀ ਪੀਣ ਦੇ ਆਦੀ ਸਨ, ਜਿਸ ਕਰਕੇ ਪਿੰਡ ਵਾਸੀਆਂ ਅਤੇ ਸੇਵਾਦਾਰਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਉਕਤ ਹਾਦਸਾ ਬੀੜੀ ਪੀਣ ਕਾਰਨ ਹੀ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਦਿਗੰਬਰ ਰਾਧੇ ਸ਼ਾਮ ਪੁਰੀ 35 ਸਾਲ ਤੋਂ ਉਕਤ ਡੇਰੇ ’ਚ ਰਹਿੰਦੇ ਸਨ। ਉਹ ਲੰਬੇ ਸਮੇਂ ਤੋਂ ਅਧਰੰਗ ਤੋਂ ਪੀੜਤ ਸਨ ਅਤੇ ਜਿਨ੍ਹਾਂ ਨੂੰ ਪਿੰਡ ਝਾਂਡੀਆਂ ਅਤੇ ਟਿੱਬਾ ਨੰਗਲ ਦੇ ਲੋਕ ਰੋਜ਼ਾਨਾ ਸ਼ਾਮ ਸਮੇਂ ਡੇਰੇ ’ਚ ਰੋਟੀ-ਪਾਣੀ ਪਹੁੰਚਾਉਂਦੇ ਸਨ। ਜਦਕਿ ਦਿਨ ਸਮੇਂ ਉਕਤ ਦੋਵੇਂ ਪਿੰਡਾਂ ਤੋਂ ਕੋਈ ਨਾ ਕੋਈ ਵਿਅਕਤੀ ਰੋਜ਼ਾਨਾ ਸਵੇਰ ਸਮੇਂ ਵੀ ਉਨ੍ਹਾਂ ਦੀ ਦੇਖਭਾਲ ਲਈ ਜਾਂਦਾ ਸੀ ਪਰ ਬੀਤੀ ਸ਼ਾਮ ਸਾਢੇ 4 ਕੁ ਵਜੇ ਜਦੋਂ ਪਿੰਡ ਟਿੱਬਾ ਨੰਗਲ ਦਾ ਸੇਵਾਦਾਰ ਰਾਜ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਡੇਰੇ ’ਚ ਸੰਤਾਂ ਨੂੰ ਰੋਟੀ ਦੇਣ ਗਿਆ ਤਾਂ ਉਸ ਨੇ ਵੇਖਿਆ ਕਿ ਬਾਬੇ ਵਾਲੇ ਕਮਰੇ ’ਚ ਅੱਗ ਲੱਗੀ ਹੋਈ ਸੀ।

ਇਹ ਵੀ ਪੜ੍ਹੋ: CM ਚੰਨੀ ਬੋਲੇ, ਭਾਜਪਾ ਦੀਆਂ ਨੀਤੀਆਂ ਪੰਜਾਬ ਵਿਰੋਧੀ, ED ਛਾਪਿਆਂ ਨੂੰ ਲੈ ਕੇ ‘ਆਪ’ ਨੇ ਮੈਨੂੰ ਬਦਨਾਮ ਕੀਤਾ

ਉਸ ਨੇ ਤੁਰੰਤ ਪਿੰਡ ਵਾਸੀਆਂ ਨੂੰ ਫੋਨ ਕਰਕੇ ਡੇਰੇ ’ਚ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਦਿੱਤੀ, ਜਿਸ ’ਤੇ ਮੌਕੇ ’ਤੇ ਪਹੁੰਚੇ ਪਿੰਡ ਵਾਸੀਆਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਬਾਬਾ ਜੀ ਦੀ ਅੱਗ ’ਚ ਜ਼ਿੰਦਾ ਝੁਲਸ ਜਾਣ ’ਤੇ ਮੌਤ ਹੋ ਚੁੱਕੀ ਸੀ ਜਦਕਿ ਜਿਸ ਬੈੱਡ ’ਤੇ ਉਹ ਪਏ ਹੋਏ ਸਨ ਵੀ ਕੱਪੜਿਆਂ ਸਮੇਤ ਸੜ ਕੇ ਸੁਆਹ ਹੋ ਗਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨੂਰਪੁਰਬੇਦੀ ਥਾਨੇ ਤੋਂ ਮੌਕੇ ’ਤੇ ਪੁਲਸ ਪਹੁੰਚ ਗਈ। ਸੇਵਾਦਾਰ ਗੁਰਚਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਝਾਂਡੀਆਂ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਸ਼ੱਕ ਜ਼ਾਹਰ ਕੀਤਾ ਕਿ ਬਾਬਾ ਜੀ ਬੀੜੀ, ਸਿਗਰੇਟ ਪੀਣ ਦੇ ਆਦਿ ਸਨ, ਜਿਸ ਨਾਲ ਅੱਗ ਲੱਗੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਦੇ ਮਸਲੇ ਛੱਡ ਆਪਣਾ ਹੀ ਮਸਲਾ ਸੁਲਝਾ ਗਏ CM ਚੰਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri