ਸਿੱਖ ਆਗੂ ਨਾਲ ਕੁੱਟ-ਮਾਰ ਦਾ ਮਾਮਲਾ ਨੈਸ਼ਨਲ ਮਨਿਓਰਿਟੀ ਕਮਿਸ਼ਨ ਦੇ ਦਰਬਾਰ ਪੁੱਜਾ

06/26/2019 11:04:53 AM

ਪਟਿਆਲਾ (ਬਲਜਿੰਦਰ)—ਸਨੌਰ ਵਿਖੇ ਸਿੱਖ ਆਗੂ ਨਾਲ ਹੋਈ ਕੁੱਟ-ਮਾਰ ਦਾ ਮਾਮਲਾ ਨੈਸ਼ਨਲ ਮਨਿਓਰਿਟੀ ਕਮਿਸ਼ਨ ਦੇ ਦਰਬਾਰ ਪਹੁੰਚ ਗਿਆ ਹੈ। ਕਮਿਸ਼ਨ ਕੋਲ ਭਾਜਪਾ ਆਗੂ ਅਤੇ ਇੰਪਰੁਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਇਹ ਮਾਮਲਾ ਉਠਾਇਆ। ਉਨ੍ਹਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱÎਗਾ ਤਾਂ ਉਨ੍ਹਾਂ ਪੀੜਤ ਪਰਿਵਾਰ ਨਾਲ ਸੰਪਰਕ ਸਾਧਿਆ। ਉਹ ਪੀੜਤ ਸੁਖਵਿੰਦਰ ਸਿੰਘ ਨੂੰ ਮਿਲਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚ ਗਏ। ਉਥੇ ਪਹਿਲਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਪਹੁੰਚੇ ਹੋਏ ਸਨ। ਇਥੇ ਸੁਖਵਿੰਦਰ ਸਿੰਘ ਨੇ ਦੋਵਾਂ ਆਗੂਆਂ ਨੂੰ ਆਪਣੀ ਪੂਰੀ ਗੱਲਬਾਤ ਦੱਸੀ। ਕਮਿਸ਼ਨ ਦੇ ਨਾਂ ਦੀ ਇਕ ਲਿਖਤੀ ਸ਼ਿਕਾਇਤ ਵੀ ਸੌਂਪੀ। ਇਹ ਸ਼ਿਕਾਇਤ ਮਨਜੀਤ ਸਿੰਘ ਰਾਏ ਮੈਂਬਰ ਨੈਸ਼ਨਲ ਮਨਿਓਰਿਟੀ ਕਮਿਸ਼ਨ ਨਵੀਂ ਦਿੱਲੀ ਦੇ ਨਾਂ 'ਤੇ ਭੇਜੀ ਗਈ ਹੈ। ਇਸ ਵਿਚ ਸੁਖਵਿੰਦਰ ਸਿੰਘ ਨੇ ਇਨਸਾਫ ਦੀ ਗੁਹਾਰ ਲਾਈ ਹੈ।

ਇੱਥੇ ਗੁਰਤੇਜ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਰਾਜ 'ਚ ਸਿੱਖਾਂ 'ਤੇ ਹਮਲੇ ਹੋ ਰਹੇ ਹਨ। ਇਕ ਵਿਅਕਤੀ ਨੂੰ ਸ਼ਰੇਆਮ ਥਾਣੇ ਵਿਚ ਪੁਲਸ ਅਤੇ ਸ਼ਿਕਾਇਤਕਰਤਾ ਧਿਰ ਵੱਲੋਂ ਕੁੱਟਿਆ ਜਾ ਰਿਹਾ ਹੈ। ਕੇਸਾਂ ਅਤੇ ਪੱਗ ਦੀ ਬੇਅਦਬੀ ਕੀਤੀ ਗਈ। ਕੁੱਟ-ਕੁੱਟ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ। ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਾਰਾ ਮਾਮਲਾ ਨੈਸ਼ਨਲ ਮਨਿਓਰਿਟੀ ਕਮਿਸ਼ਨ ਮੈਂਬਰ ਮਨਜੀਤ ਸਿੰਘ ਰਾਏ ਦੇ ਧਿਆਨ ਵਿਚ ਲਿਆ ਦਿੱਤਾ ਹੈ। ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ, ਉਦੋਂ ਤੱਕ ਉਹ ਟਿਕ ਕੇ ਨਹੀਂ ਬੈਠਣਗੇ।

3 ਵਿਅਕਤੀਆਂ ਖਿਲਾਫ ਕੁੱਟ-ਮਾਰ ਦਾ ਕੇਸ ਦਰਜ
ਮਾਮਲਾ ਮੀਡੀਆ 'ਚ ਆਉਣ ਤੋਂ ਬਾਅਦ ਸਨੌਰ ਪੁਲਸ ਨੇ 3 ਵਿਅਕਤੀਆਂ ਖਿਲਾਫ ਕੁੱਟ-ਮਾਰ ਦਾ ਕੇਸ ਦਰਜ ਕੀਤਾ। ਇਸ ਦੀ ਪੁਸ਼ਟੀ ਕਰਦੇ ਹੋਏ ਐੈੱਸ. ਐੈੱਚ. ਓ. ਸਨੌਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਰਨਬੀਰ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ 323, 341, 506 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਪੁਲਸ ਅਜੇ ਵੀ ਇਸ ਤੋਂ ਟਾਲਾ ਵੱਟ ਰਹੀ ਹੈ ਕਿ ਘਟਨਾ ਥਾਣੇ ਅੰਦਰ ਹੋਈ ਹੈ ਜਾਂ ਬਾਹਰ। ਐੈੱਸ. ਪੀ. ਸਿਟੀ ਐੈੱਸ. ਐੈੱਚ. ਹਾਂਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਕਾਂਗਰਸ ਦੇ ਰਾਜ 'ਚ ਹਮੇਸ਼ਾ ਪੁਲਸ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ: ਵਿਧਾਇਕ ਚੰਦੂਮਾਜਰਾ
ਇਧਰ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਹਮੇਸ਼ਾ ਹੀ ਪੁਲਸ ਸਿੱਖਾਂ ਆਪਣਾ ਨਿਸ਼ਾਨਾ ਬਣਾਉਂਦੀ ਹੈ। ਇਕ ਸਿੱਖ ਵਿਅਕਤੀ 'ਤੇ ਪੁਲਸ ਅਤੇ ਸ਼ਿਕਾਇਤਕਰਤਾਵਾਂ ਵੱਲੋਂ ਤਸ਼ੱਦਦ ਢਾਹਿਆ ਗਿਆ ਅਤੇ ਕੋਈ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਤੱਕ ਲੈ ਕੇ ਜਾਣਗੇ ਤਾਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਪੁਲਸ ਵੱਲੋਂ ਇਸ ਮਾਮਲੇ ਨੂੰ ਸਿਰਫ ਕੁੱਟ-ਮਾਰ ਦਾ ਮਾਮਲਾ ਬਣਾ ਕੇ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ।

ਸੁਖਵਿੰਦਰ ਸਿੰਘ ਵੱਲੋਂ ਝੂਠੀ ਕਹਾਣੀ ਘੜ ਕੇ ਮਾਮਲੇ ਦੀ ਸਚਾਈ ਨੂੰ ਛੁਪਾਇਆ ਜਾ ਰਿਹੈ : ਕਰਨਵੀਰ ਸਿੰਘ
ਪਿੰਡ ਨੌਰੰਗਵਾਲ ਦੇ ਕਰਨਵੀਰ ਸਿੰਘ ਵੀ ਅੱਜ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਇਸ ਨੂੰ ਸੁਖਵਿੰਦਰ ਸਿੰਘ ਵੱਲੋਂ ਘੜੀ ਗਈ ਝੂਠੀ ਅਤੇ ਮਨਘੜਤ ਕਹਾਣੀ ਦੱਸਿਆ। ਕਰਨਵੀਰ ਸਿੰਘ ਨੇ ਦੱਸਿਆ ਕਿ ਇਹ ਰਾਜਸੀ ਖਾਰ ਕਾਰਣ ਹੋਇਆ। ਸਚਾਈ ਇਹ ਹੈ ਕਿ ਸੁਖਵਿੰਦਰ ਸਿੰਘ ਦੇ ਪੁੱਤਰ ਅਮਨਪ੍ਰੀਤ ਸਿੰਘ ਦਾ ਕਿਸੇ ਨਾਲ ਝਗੜਾ ਸ਼ਨੀਵਾਰ ਰਾਤ ਨੂੰ ਹੋਇਆ ਸੀ। ਅਗਲੇ ਦਿਨ ਜਦੋਂ ਮੈਂ ਸਵੇਰੇ ਸ਼ਹਿਰ ਨੂੰ ਆ ਰਿਹਾ ਸੀ ਤਾਂ ਅਮਨਪ੍ਰੀਤ ਸਿੰਘ ਨੇ ਉਸ ਦੀ ਕਾਰ ਨੂੰ ਘੇਰ ਕੇ ਹੱਥ ਵਿਚ ਤਲਵਾਰ ਫੜ ਕੇ ਉਸ ਨੂੰ ਪਿੰਡ ਨਾ ਦਾਖਲ ਹੋਣ ਦੀ ਧਮਕੀ ਦਿੱਤੀ ਸੀ। ਦੋਵਾਂ ਧਿਰਾਂ ਨੂੰ ਸ਼ਾਮ ਥਾਣੇ ਬੁਲਾਇਆ। ਅਸੀਂ 4 ਵਜੇ ਗਏ ਪਰ ਸੁਖਵਿੰਦਰ ਸਿੰਘ ਨਾ ਆਇਆ। ਉਨ੍ਹਾਂ ਨੂੰ ਅਗਲੇ ਦਿਨ ਬੁਲਾਇਆ ਗਿਆ। ਸੁਖਵਿੰਦਰ ਸਿੰਘ ਰਾਤ ਨੂੰ ਗਿਆ। ਥਾਣੇ ਤੋਂ ਵਾਪਸ ਆ ਕੇ ਸਾਰੀ ਕਹਾਣੀ ਘੜੀ। ਸੁਖਵਿੰਦਰ ਸਿੰਘ ਦਾ ਪੁੱਤਰ ਅਮਨਪ੍ਰੀਤ ਸਿੰਘ ਪੇਸ਼ੇ ਤੋਂ ਡਾਕਟਰ ਹੈ। ਉਸ ਨੇ ਚਾਂਦੀ ਦੇ ਸਿੱਕੇ ਨਾਲ ਜਾਅਲੀ ਨਿਸ਼ਾਨ ਬਣਾ ਕੇ ਪੁਲਸ ਅਤੇ ਉਨ੍ਹਾਂ 'ਤੇ ਦੋਸ਼ ਲਾਏ ਹਨ ਤਾਂ ਕਿ ਸਾਰੀ ਸਚਾਈ ਛੁਪ ਸਕੇ। ਕਰਨਵੀਰ ਸਿੰਘ ਨੇ ਕਿਹਾ ਕਿ ਹੁਣ ਸੁਖਵਿੰਦਰ ਸਿੰਘ ਵੱਲੋਂ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

Shyna

This news is Content Editor Shyna