ਸੰਗਰੂਰ 'ਚ 'ਸਾਂਝੀ ਰਸੋਈ' ਦੀ ਸ਼ੁਰੂਆਤ, 10 ਰੁਪਏ 'ਚ ਭਰੇਗਾ 'ਢਿੱਡ' (ਵੀਡੀਓ)

07/01/2017 7:15:45 PM

ਸੰਗਰੂਰ— ਪੰਜਾਬ ਦੇ ਬਾਕੀ ਸ਼ਹਿਰਾਂ ਦੀ ਤਰਜ 'ਤੇ ਸੰਗਰੂਰ ਵਿਚ ਵੀ 'ਸਾਂਝੀ ਰਸੋਈ' ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸੰਗਰੂਰ ਦੇ ਵਿਧਾਇਕ ਵਿਜੇ ਇੰਦਰ ਸਿੰਗਲਾ ਨੇ ਰਸਮੀ ਤੌਰ 'ਤੇ ਇਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਤੇ ਭਵਿੱਖ ਵਿਚ ਰਸੋਈ ਵਿਚ ਬਿਹਤਰ ਸਹੂਲਤਾਂ ਲਈ ਕਈ ਬਦਲਾਅ ਕੀਤੇ ਜਾਣਗੇ। ਇਸ ਮੌਕੇ ਸਿੰਗਲਾ ਨੇ ਆਮ ਲੋਕਾਂ ਨਾਲ ਬੈਠ ਕੇ 10 ਰੁਪਏ ਦੀ ਰੋਟੀ ਦਾ ਆਨੰਦ ਲਿਆ। ਲੋਕਾਂ ਵਿਚ ਵੀ ਇਸ ਰਸੋਈ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਮਜ਼ਦੂਰ ਵਰਗ ਦੇ ਲੋਕਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਜੋ ਖਾਣਾ 50 ਰੁਪਏ ਵਿਚ ਪੈਂਦਾ ਸੀ, ਹੁਣ ਉਹ 10 ਰੁਪਏ ਵਿਚ ਪਵੇਗਾ ਅਤੇ ਉਹ ਰੋਜ਼ ਇਸ ਰਸੋਈ ਤੋਂ ਖਾਣਾ ਪਸੰਦ ਕਰਨਗੇ। 
ਇਸ ਮੌਕੇ ਜੀ. ਐੱਸ. ਟੀ. 'ਤੇ ਬੋਲਦੇ ਬੋਏ ਸਿੰਗਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਨੂੰ ਲਾਗੂ ਤਾਂ ਕਰ ਦਿੱਤਾ ਹੈ ਪਰ ਦੁਕਾਨਦਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਿਚ ਬਦਲਾਅ ਕਰਨ ਦੀ ਲੋੜ ਹੈ। ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਹੈ ਅਤੇ ਇਸ ਲਈ ਕੁਦਰਤੀ ਆਫਤਾਂ ਦੇ ਚੱਲਦੇ ਖਰਾਬ ਹੋਣ ਵਾਲੀ ਫਸਲ ਦਾ ਮੁਆਵਜ਼ਾ 8 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਕਰ ਦਿੱਤਾ ਗਿਆ ਹੈ।