ਸਮੇਂ ਸਿਰ ਤਨਖ਼ਾਹ ਨਾ ਮਿਲਣ ''ਤੇ ਸਫ਼ਾਈ ਸੇਵਕਾਂ ਕੀਤਾ ਕੰਮ ਠੱਪ

02/22/2018 3:35:01 AM

ਹੁਸ਼ਿਆਰਪੁਰ, (ਰੱਤੀ, ਨਲੋਆ)- ਕਸਬਾ ਹਰਿਆਣਾ 'ਚ ਪਿਛਲੇ ਦੋ ਦਿਨਾਂ ਤੋਂ ਸਫ਼ਾਈ ਵਿਵਸਥਾ ਠੱਪ ਪਈ ਹੈ ਜਿਸ ਕਾਰਨ ਕਸਬੇ 'ਚ ਜਿਥੇ ਕੂੜਾ-ਕਰਕਟ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਉਥੇ ਨਗਰ ਕੌਂਸਲ ਵੱਲੋਂ ਨਿਰਧਾਰਿਤ ਥਾਵਾਂ 'ਤੇ ਜਿਥੇ ਕਸਬੇ ਦਾ ਕੂੜਾ-ਕਰਕਟ ਡੰਪ ਕੀਤਾ ਜਾਂਦਾ ਹੈ, ਉਹ ਵੀ ਸ਼ਹਿਰ ਦੀ ਸ਼ੋਭਾ ਵਧਾ ਰਹੇ ਹਨ। ਬੰਦ ਪਏ ਸਫ਼ਾਈ ਕਾਰਜਾਂ ਸਬੰਧੀ ਜਦੋਂ ਸਫ਼ਾਈ ਸੇਵਕਾਂ ਦੇ ਪ੍ਰਧਾਨ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ ਸਮੇਂ-ਸਿਰ ਨਾ ਦਿੱਤੇ ਜਾਣ ਅਤੇ ਈ. ਪੀ. ਐੱਫ. ਦੀ ਜਮ੍ਹਾ ਕੀਤੀ ਜਾ ਰਹੀ ਰਾਸ਼ੀ ਬਾਰੇ ਸਹੀ ਜਾਣਕਾਰੀ ਨਾ ਦਿੱਤੇ ਜਾਣ ਕਾਰਨ ਸਫ਼ਾਈ ਸੇਵਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ 41 ਮਹੀਨੇ ਦੇ ਈ. ਪੀ. ਐੱਫ. ਤੇ ਤਨਖ਼ਾਹਾਂ ਸਮੇਂ 'ਤੇ ਦਿੱਤੇ ਜਾਣ ਦੀ ਪੁਸ਼ਟੀ ਨਹੀਂ ਹੁੰਦੀ, ਉਦੋਂ ਤੱਕ ਕੰਮ ਬੰਦ ਰਹੇਗਾ। 
ਕੀ ਕਹਿੰਦੇ ਹਨ ਕਾਰਜਕਾਰੀ ਅਧਿਕਾਰੀ?  ਉਕਤ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਹਰਿਆਣਾ ਦੇ ਕਾਰਜਕਾਰੀ ਅਧਿਕਾਰੀ ਰਾਮ ਪ੍ਰਕਾਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕਾਂ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ ਤੇ ਉਹ ਜਲਦ ਹੀ ਕੰਮ ਸ਼ੁਰੂ ਕਰ ਦੇਣਗੇ।