ਚੰਗਾਲੀਵਾਲਾ ਕਾਂਡ : 3 ਦਿਨਾਂ ਬਾਅਦ ਕੀਤਾ ਗਿਆ ਜਗਮੇਲ ਦਾ ਅੰਤਿਮ ਸੰਸਕਾਰ

11/19/2019 4:43:23 PM

ਸੰਗਰੂਰ (ਬੇਦੀ, ਗਰਗ) : ਸਰਕਾਰ ਅਤੇ ਪਰਿਵਾਰ ਵਿਚ ਹੋਏ ਸਮਝੌਤੇ ਤੋਂ ਬਾਅਦ ਅੱਜ 3 ਦਿਨਾਂ ਬਾਅਦ ਜਗਮੇਲ ਦੀ ਲਾਸ਼ ਚੰਡੀਗੜ੍ਹ ਪੀ.ਜੀ.ਆਈ. ਤੋਂ ਪਿੰਡ ਲਿਆਂਦੀ ਗਈ। ਲਾਸ਼ ਦੇ ਪਿੰਡ ਪਹੁੰਚਦੇ ਹੀ ਹਜ਼ਾਰਾਂ ਲੋਕਾਂ ਦਾ ਹਜੂਮ ਮ੍ਰਿਤਕ ਜਗਮੇਲ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਉਮੜ ਆਇਆ। ਜਗਮੇਲ ਦੀ ਚਿਤਾ ਨੂੰ ਮੁੱਖ ਅਗਨੀ ਬੇਟੇ ਕਰਨਬੀਰ ਨੇ ਦਿੱਤੀ।

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਸੰਗਰੂਰ ਮੌਕੇ 'ਤੇ ਪਹੁੰਚੇ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੇ ਪਰਿਵਾਰ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆਂ। ਉਨ੍ਹਾਂ ਨੇ ਕਿਹਾ ਕਿ ਬਾਕੀ ਦੇ 14 ਲੱਖ ਰੁਪਏ ਭੋਗ 'ਤੇ ਦਿੱਤੇ ਜਾਣਗੇ।

ਲਿਖਤੀ ਸਮਝੌਤੇ 'ਚ ਹੋਏ ਫੈਸਲੇ :

  • ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਦਾ ਮੁਆਵਜ਼ਾ, ਜਿਸ ਵਿਚੋਂ 6 ਲੱਖ ਰੁਪਏ ਅੱਜ ਪੋਸਟਮਾਰਟਮ ਸਮੇਂ ਤੇ ਬਾਕੀ 14 ਲੱਖ ਰੁਪਏ ਮ੍ਰਿਤਕ ਦੇ ਭੋਗ ਸਮੇਂ ਦੇਣੇ ਹੋਣਗੇ।
  • ਮ੍ਰਿਤਕ ਦੀ ਪਤਨੀ ਦੇ ਪੰਜਵੀਂ ਪਾਸ ਹੋਣ ਦੇ ਬਾਵਜੂਦ ਨਿਯਮਾਂ 'ਚ ਛੋਟ ਦੇ ਕੇ ਘਰ ਦੇ ਨੇੜੇ ਸਰਕਾਰੀ ਨੌਕਰੀ ਦਿੱਤੇ ਜਾਣਾ।
  • 20 ਲੱਖ ਮੁਆਵਜ਼ੇ ਤੋਂ ਇਲਾਵਾ ਪੀੜਤ ਦੇ ਮਕਾਨ ਦੀ ਮੁਰੰਮਤ ਲਈ 1,25,000 ਰੁਪਏ ਦੀ ਸਹਾਇਤਾ ਦੇਣਾ।
  • ਪੀੜਤ ਪਰਿਵਾਰ ਲਈ 6 ਮਹੀਨੇ ਦਾ ਰਾਸ਼ਣ ਅਤੇ ਭੋਗ ਦਾ ਖਰਚਾ ਕਰਨਾ।
  • ਪੁਲਸ ਵਲੋਂ ਗ੍ਰਿਫ਼ਤਾਰ ਮੁਲਜ਼ਮਾਂ ਦਾ ਚਲਾਨ 7 ਦਿਨਾਂ ਅੰਦਰ ਪੇਸ਼ ਕੀਤਾ ਜਾਣਾ।
  • ਮੁਲਜ਼ਮਾਂ ਨੂੰ 3 ਮਹੀਨਿਆਂ ਅੰਦਰ ਸਜ਼ਾਵਾਂ ਦਿਵਾਉਣ ਦਾ ਯਤਨ ਕਰਨਾ।
  • ਜਗਮੇਲ ਦੇ ਬੱਚਿਆਂ ਨੂੰ ਬੀ. ਏ. ਤੱਕ ਮੁਫ਼ਤ ਸਿੱਖਿਆ ਪ੍ਰਦਾਨ ਕਰਨਾ।
  • ਘਟਨਾ ਵਾਪਰਣ ਸਮੇਂ ਪੁਲਸ ਦੀ ਲਾਪਰਵਾਹੀ ਦੀ ਏ. ਡੀ. ਜੀ. ਪੀ. ਵੱਲੋਂ ਜਾਂਚ।

ਜਾਣਕਾਰੀ ਅਨੁਸਾਰ ਜਗਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਚੰਗਾਲੀਵਾਲਾ ਦਾ 21 ਅਕਤੂਬਰ ਨੂੰ ਪਿੰਡ ਦੇ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ ਅਤੇ ਉਸ ਸਬੰਧੀ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ 7 ਨਵੰਬਰ ਨੂੰ ਸਵੇਰੇ 9 ਵਜੇ ਜਦੋਂ ਉਹ ਗੁਰਦਿਆਲ ਸਿੰਘ ਪੰਚ ਦੇ ਘਰ ਬੈਠਾ ਸੀ ਤਾਂ ਰਿੰਕੂ, ਲੱਕੀ, ਗੋਲੀ, ਬਿੱਟਾ, ਬਿੰਦਰ ਸਿੰਘ ਉਸ ਕੋਲ ਆਏ ਅਤੇ ਉਸ ਨੂੰ ਕਿਹਾ ਕਿ ਲਾਡੀ ਨੇ ਸਾਨੂੰ ਕਿਹਾ ਕਿ ਤੈਨੂੰ ਦਵਾਈ ਦਿਵਾ ਕੇ ਲਿਆਉਣੀ ਹੈ, ਤੂੰ ਸਾਡੇ ਨਾਲ ਚੱਲ। ਇਸ ਤੋਂ ਬਾਅਦ ਰਿੰਕੂ ਅਤੇ ਬਿੱਟਾ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਰਿੰਕੂ ਦੇ ਘਰ ਲੈ ਗਏ, ਜਿੱਥੇ ਅਮਰਜੀਤ ਸਿੰਘ ਵੀ ਹਾਜ਼ਰ ਸਨ। ਰਿੰਕੂ, ਬਿੱਟਾ ਅਤੇ ਅਮਰਜੀਤ ਸਿੰਘ ਨੇ ਉਸ ਨੂੰ ਥਮਲੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਡੰਡਿਆਂ ਅਤੇ ਰਾਡ ਨਾਲ ਕੁੱਟਿਆ, ਇੱਥੋਂ ਤੱਕ ਕਿ ਪਲਾਸ ਨਾਲ ਨੌਜਵਾਨ ਦੀਆਂ ਲੱਤਾਂ ਦਾ ਮਾਸ ਵੀ ਨੌਚ ਦਿੱਤਾ। ਹਾਲਤ ਗੰਭੀਰ ਹੋਣ ਕਾਰਨ ਨੌਜਵਾਨ ਨੂੰ ਚੰਗੀਗੜ੍ਹ ਪੀ.ਜੀ.ਆਈ. 'ਚ ਦਾਖਲ ਕਰਾਇਆ ਗਿਆ, ਜਿੱਥੇ ਇਨਫੈਕਸ਼ਨ ਵਧਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਪਰ ਇਲਾਜ ਦੌਰਾਨ 16 ਨਵੰਬਰ ਨੂੰ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਜਦੋਂ ਪਾਣੀ ਮੰਗਿਆ ਤਾਂ ਉਸ ਨੂੰ ਵਿਅਕਤੀਆਂ ਵੱਲੋਂ ਪਿਸ਼ਾਬ ਪਿਲਾ ਦਿੱਤਾ ਗਿਆ।

 

cherry

This news is Content Editor cherry