ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਦੋਹਾਂ ਨੂੰ ਹੋਈ ਉਮਰ ਕੈਦ

11/30/2019 11:31:17 AM

ਸੰਗਰੂਰ : ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਗਟਰ ਵਿਚ ਸੁੱਟਣ ਦੇ ਦੋਸ਼ ਵਿਚ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਸੰਗਰੂਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਪਤਨੀ ਪਿੰਡ ਗੰਢੂਆਂ ਨਿਵਾਸੀ ਗੁਰਮੀਤ ਕੌਰ ਨੇ ਪਤੀ ਦਾ ਕਤਲ ਕਰਨ ਤੋਂ ਬਾਅਦ ਲੋਕਾਂ ਨੂੰ ਗੁੰਮਰਾਹ ਕਰਨ ਲਈ 18 ਅਗਸਤ 2017 ਨੂੰ ਧਰਮਗੜ੍ਹ ਪੁਲਸ ਸਟੇਸ਼ਨ ਵਿਚ ਪਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਸੁਰਜੀਤ ਸਿੰਘ ਕਰਜੇ ਕਾਰਨ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। 6 ਅਗਸਤ ਨੂੰ ਪਤੀ ਕਿਸੇ ਨੂੰ ਬਿਨਾਂ ਕੁੱਝ ਦੱਸੇ ਘਰੋਂ ਚਲਾ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਉਸ ਦੀ ਕਾਫੀ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲੱਗਾ। ਸ਼ਿਕਾਇਤ ਦੇ ਤੁਰੰਤ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ ਕਤਲ ਦੇ 32 ਦਿਨ ਬਾਅਦ ਮਾਮਲੇ ਦਾ ਖੁਲਾਸਾ ਹੋਣ 'ਤੇ ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ 'ਤੇ ਕਤਲ ਦਾ ਕੇਸ ਦਰਜ ਕਰ ਲਿਆ ਸੀ।

ਸੁਰਜੀਤ ਸਿੰਘ ਨੂੰ ਸਮਝਦੇ ਸਨ ਪ੍ਰੇਮ ਸਬੰਧਾਂ ਦੇ ਰਸਤੇ ਵਿਚ ਰੋੜਾ
ਸੁਰਜੀਤ ਸਿੰਘ ਦੀ ਪਤਨੀ ਗੁਰਮੀਤ ਕੌਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਪਿੰਡ ਗੰਢੂਆਂ ਦੇ ਹੀ ਬਲਵੀਰ ਸਿੰਘ ਨਾਲ ਨਾਜਾਇਜ਼ ਸਬੰਧ ਹਨ। ਦੋਵੇਂ ਸੁਰਜੀਤ ਨੂੰ ਪ੍ਰੇਮ ਸਬੰਧਾਂ ਦੇ ਰਸਤੇ ਵਿਚ ਰੋੜਾ ਸਮਝਦੇ ਸਨ ਜਿਸ ਕਾਰਨ ਉਨ੍ਹਾਂ ਨੇ ਸੁਰਜੀਤ ਨੂੰ ਰਸਤੇ ਵਿਚੋਂ ਹਟਾਉਣ ਲਈ ਉਸ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਗੁਰਮੀਤ ਕੌਰ ਨੇ 5-6 ਅਗਸਤ ਨੂੰ ਪ੍ਰੇਮੀ ਬਲਵੀਰ ਨੂੰ ਘਰ ਸੱਦਿਆ ਸੀ। ਦੋਵਾਂ ਨੇ ਮਿਲ ਕੇ ਅੱਧੀ ਰਾਤ ਨੂੰ ਸੁਰਜੀਤ ਸਿੰਘ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ਵਿਚ ਬਣੇ ਗਟਰ ਵਿਚ ਸੁੱਟ ਦਿੱਤਾ।

ਅਕਸਰ ਪਤੀ-ਪਤਨੀ 'ਚ ਰਹਿੰਦੀ ਸੀ ਲੜਾਈ
ਮਾਤਾ ਭਗਵਾਨ ਕੌਰ ਨੇ ਪੁਲਸ ਨੂੰ ਦੱਸਿਆ ਕਿ ਸੁਰਜੀਤ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਵਿਚਾਲੇ ਅਕਸਰ ਲੜਾਈ ਰਹਿੰਦੀ ਸੀ। ਕਿਉਂਕਿ ਗੁਰਮੀਤ ਕੌਰ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਇਸ ਦੇ ਚੱਲਦੇ ਉਸ ਦਾ ਬੇਟਾ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਵੀ ਕਰਦਾ ਸੀ। ਬੇਟੇ ਨੇ ਕਈ ਵਾਰ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਆਪਣੀਆਂ ਹਰਕਤਾਂ ਨੂੰ ਬਾਜ ਨਾ ਆਈ।

ਕੋਰਟ ਨੇ ਦੋਵਾਂ ਨੂੰ ਸੁਣਾਈ ਉਮਰ ਕੈਦ
ਮਾਮਲੇ 'ਤੇ ਪੀੜਤ ਪੱਖ ਦੇ ਵਕੀਲ ਤਪਿੰਦਰ ਸੋਹੀ, ਗੁਰਪ੍ਰੀਤ ਸ਼ੇਰਗਿੱਲ ਅਤੇ ਮਨਪ੍ਰੀਤ ਖੰਗੂੜਾ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਉਂਦੇ ਹੋਏ ਅਦਾਲਤ ਨੇ ਦੋਵਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

cherry

This news is Content Editor cherry