ਐੱਸ.ਟੀ.ਐੱਫ ਸੰਗਰੂਰ ਵੱਲੋਂ 1 ਕਿਲੋ ਹੈਰੋਇਨ ਬਰਾਮਦ

10/31/2019 2:55:21 PM

ਸੰਗਰੂਰ (ਬੇਦੀ,ਕਾਂਸਲ) : ਐੱਸ.ਟੀ.ਐੱਫ ਸੰਗਰੂਰ ਵੱਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਹਰਵਿੰਦਰ ਚੀਮਾ ਉਪ ਕਪਤਾਨ ਪੁਲਸ ਐੱਸ.ਟੀ.ਐੱਫ ਪਟਿਆਲਾ ਰੇਂਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਰਵਿੰਦਰ ਕੁਮਾਰ ਭੱਲਾ ਇੰਚਾਰਜ਼ ਐੱਸ.ਟੀ.ਐੱਫ ਸੰਗਰੂਰ ਸਮੇਤ ਐੱਸ.ਟੀ.ਐੱਫ ਦੇ ਕਰਮਚਾਰੀਆਂ ਨਾਲ ਟੀ ਪੁਆਇੰਟ ਕਾਲਾਝਾੜ ਪਟਿਆਲਾ ਰੋਡ ਸੰਗਰੂਰ ਮੌਜੂਦ ਸੀ ਤਾਂ ਉਨ੍ਹਾਂ ਕੋਲ ਮੁਖਬਾਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ ਸੋਨੀ, ਹਰਪਾਲ ਕੌਰ ਉਰਫ ਪਾਲ ਪਤਨੀ ਗੁਰਪ੍ਰੀਤ ਸਿੰਘ ਉਰਫ ਸੋਨੀ, ਵਿਜੇ, ਪੰਮੂ ਵਾਸੀ ਪਿੰਡ ਖੇੜੀ ਗਿੱਲਾ ਥਾਣਾ ਭਵਾਨੀਗੜ੍ਹ ਜ਼ਿਲਾ ਸੰਗਰੂਰ ਅਤੇ ਕੁਲਵੰਤ ਸਿੰਘ , ਸਤਨਾਮ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਜ਼ਿਲਾ ਸੰਗਰੂਰ ਅਤੇ ਭੂਰਾ ਆਪਸ ਵਿਚ ਮਿਲ ਕੇ ਸਾਂਝੇ ਪੈਸੇ ਲਗਾ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਵਿਅਕਤੀ ਪੰਜਾਬ ਤੋਂ ਬਾਹਰੋਂ ਕਿਸੇ ਹੋਰ ਸਟੇਟ ਵਿਚੋਂ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਆਏ ਹਨ ਅਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ ਇਹ ਹੈਰੋਇਨ ਆਪਣੇ ਗਾਹਕਾਂ ਨੂੰ ਵੇਚ ਕੇ ਉਸ ਦਾ ਮੁਨਾਫਾ ਆਪਸ ਵਿਚ ਵੰਡਣਾ ਹੈ। ਮੁਖਬਰ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਮਿਲ ਕੇ ਭਾਰੀ ਮਾਤਰਾ ਵਿਚ ਹੈਰੋਇਨ ਗੁਰਪ੍ਰੀਤ ਸਿੰਘ ਉਰਫ ਸੋਨੀ ਵਾਸੀ ਖੇੜੀ ਗਿੱਲਾ ਦੇ ਘਰ ਰੱਖੀ ਹੋਈ ਹੈ।

ਇਸ ਇਤਲਾਹ 'ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਜਗਦੇਵ ਸਿੰਘ ਐੱਸ.ਟੀ.ਐੱਫ ਸੰਗਰੂਰ ਨੇ ਸਮੇਤ ਐੱਸ.ਟੀ.ਐੱਫ ਦੇ ਕਰਮਚਾਰੀਆ ਨਾਲ ਗੁਰਪ੍ਰੀਤ ਸਿੰਘ ਉਰਫ ਸੋਨੀ ਦੇ ਘਰ ਰੇਡ ਕੀਤੀ ਤਾਂ ਘਰ 'ਚੋਂ ਇਕ ਲਿਫਾਫੇ ਵਿਚ ਲਪੇਟੀ ਹੋਈ 1 ਕਿਲੋ ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਇਕ ਕਾਰ ਜੋ ਕਿ ਇਸ ਧੰਦੇ ਵਿਚ ਦੋਸ਼ੀਆਂ ਵੱਲੋਂ ਇਸਤੇਮਾਲ ਕੀਤੀ ਗਈ ਸੀ ਉਹ ਵੀ ਬਰਾਮਦ ਹੋਈ ਹੈ। ਉਕਤ ਸਾਰੇ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਉਕਤ ਵਿਅਕਤੀਆ ਵੁਰੱਧ ਥਾਣਾ ਐੱਸ.ਟੀ.ਐੱਫ ਮੁਹਾਲੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

cherry

This news is Content Editor cherry