ਘੱਗਰ ਦਾ ਕਹਿਰ ਜਾਰੀ, ਰਿਹਾਇਸ਼ੀ ਇਲਾਕਿਆਂ 'ਚ ਦਾਖਲ ਹੋਇਆ ਪਾਣੀ

07/21/2019 5:30:39 PM

ਸੰਗਰੂਰ (ਰਾਜੇਸ਼) : ਸੰਗਰੂਰ ਦੇ ਪਿੰਡ ਫੂਲਦ ਨੇੜੇ 4 ਦਿਨ ਪਹਿਲਾਂ ਘੱਗਰ ਨਦੀ 'ਚ ਪਏ ਪਾੜ ਕਾਰਨ ਆਲੇ-ਦੁਆਲੇ ਦੇ ਖੇਤਾਂ 'ਚ ਪਾਣੀ ਭਰ ਗਿਆ ਸੀ। ਅੱਜ ਘੱਗਰ ਨਦੀ ਦਾ ਤਾਂਡਵ ਰਿਹਾਇਸ਼ੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲਿਆਂ, ਜਿਥੇ ਲੋਕਾਂ ਦੇ ਘਰ 'ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਦੇ ਮਕਾਨ ਢਹਿ ਰਹੇ ਹਨ। ਪ੍ਰਸ਼ਾਸਨ ਦੀ ਪਹੁੰਚ ਲੋਕਾਂ ਤੱਕ ਨਹੀਂ ਹੋ ਰਹੀ ਤੇ ਲੋਕਾਂ ਨੂੰ ਖਾਣ ਲਈ ਵੀ ਕੁਝ ਨਹੀਂ ਮਿਲ ਰਿਹਾ। ਦੂਜੇ ਪਾਸੇ ਆਰਮੀ ਵਲੋਂ ਘੱਗਰ ਨਦੀ 'ਚ ਪਾੜ ਨੂੰ ਭਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਰਹੀ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦਾ ਬਹੁਤ ਬੁਰਾ ਹਾਲ ਹੈ।  ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਉਹ ਪਾਣੀ 'ਚ ਬੈਠਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਭ ਕੁਝ ਬਰਬਾਦ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਖਾਣ ਨੂੰ ਵੀ ਕੁਝ ਨਹੀਂ ਮਿਲ ਰਿਹਾ। ਘਰਾਂ ਦਾ ਸਾਰਾ ਸਾਮਾਨ ਵੀ ਪਾਣੀ 'ਚ ਬਹਿ ਰਿਹਾ ਹੈ। ਇਸ ਦੁੱਖ ਦੀ ਘੜੀ 'ਚ ਪ੍ਰਸ਼ਾਸਨ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਨਵੇਂ ਮਾਕਾਨ ਬਣਾਏ ਸਨ ਉਹ ਵੀ ਪਾਣੀ ਕਾਰਨ ਬਰਬਾਦ ਹੋ ਚੁੱਕੇ ਹਨ, ਮਕਾਨਾਂ 'ਚ ਦਰਾੜਾ ਆ ਗਈਆਂ ਹਨ।  

ਘੱਗਰ ਨਦੀ ਦੇ ਬੰਨ੍ਹ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਜਦੋਂ ਤੋਂ ਇਹ ਬੰਨ੍ਹ ਟੁੱਟਿਆ ਹੈ ਉਦੋਂ ਤੋਂ ਹੀ ਮੁਖ ਮੰਤਰੀ ਜ਼ਿਲਾ ਅਧਿਕਾਰੀਆਂ ਦੇ ਸਪੰਰਕ 'ਚ ਹਨ ਤੇ ਉਨ੍ਹਾਂ ਕੋਲੋਂ ਹਰੇਕ ਅਪਡੇਟ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਗਿਰਦਾਵਰੀ ਕਰਵਾ ਕੇ ਉਚਿੱਤ ਮੁਆਵਜ਼ਾ ਲੋਕਾਂ ਨੂੰ ਦਿਵਾਇਆ ਜਾ ਸਕੇ। 

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੇਨੇਜ਼ ਵਿਭਾਗ ਚੀਫ ਇੰਜੀਨੀਅਰ ਸੰਜੀਵ ਗੁਪਤਾ ਨੇ ਦੱਸਿਆ ਕਿ ਘੱਗਰ ਦੇ ਪਾੜ ਨੂੰ ਭਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਘੱਗਰ ਨੇੜੇ ਇਕ ਕੱਟ ਵੀ ਲਗਾਇਆ ਗਿਆ ਤਾਂ ਜੋ ਪਾਣੀ ਘੱਗਰ 'ਚ ਵਾਪਸ ਆ ਸਕੇ। ਉਨ੍ਹਾਂ ਨੇ ਉਮੀਦ ਜਤਾਈ ਕਿ ਅੱਜ ਸ਼ਾਮ ਤੱਕ ਜਾਂ ਕੱਲ੍ਹ ਸਵੇਰੇ ਤੱਕ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।

Baljeet Kaur

This news is Content Editor Baljeet Kaur