4 ਦਿਨਾਂ ਤੋਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਲਈ ਜਾਗ ਰਿਹਾ ਪੰਜਾਬ, ਕੈਪਟਨ ਸੁੱਤਾ

06/09/2019 12:12:45 PM

ਸੰਗਰੂਰ (ਬਿਊਰੋ) : ਪੰਜਾਬ ਦਾ ਕੈਪਟਨ ਕਿੱਥੇ ਗਾਇਬ ਇਹ ਸਵਾਲ ਤਾਂ ਪੁੱਛਣਾ ਬਣਦਾ ਹੀ ਹੈ। ਬੀਤੇ ਚਾਰ ਦਿਨਾਂ ਤੋਂ ਸੰਗਰੂਰ ਦੇ ਭਗਵਾਨਪੁਰਾ ਵਿਚ 150 ਫੁੱਟ ਡੂੰਘੇ ਬੋਰਵੈੱਲ 'ਚ 2 ਸਾਲ ਦਾ ਫਤਿਹਵੀਰ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਦੂਜੇ ਪਾਸੇ ਕੈਪਟਨ ਫੇਸਬੁੱਕ 'ਤੇ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਦੀਆਂ ਪੋਸਟਾਂ ਪਾ ਰਹੇ ਹਨ, ਜਿਸ ਤੋਂ ਬਾਅਦ ਲੋਕਾਂ ਨੇ ਕੁਮੈਂਟਾਂ ਵਿਚ ਕੈਪਟਨ ਦੀ ਰੱਜ ਕੇ ਕਲਾਸ ਲਗਾਈ। ਇਕ ਪਾਸੇ ਕੈਪਟਨ ਫੇਸਬੁੱਕ 'ਤੇ ਲਿਖਿਆ ਕਿ ਪੰਜਾਬ ਦੀ ਤਰੱਕੀ ਵਿਚ ਤੇਜ਼ੀ ਲਿਆਉਣ ਲਈ ਉਨ੍ਹਾਂ 8 ਸਲਾਹਕਾਰੀ ਗਰੁੱਪਾਂ ਦਾਂ ਗਠਨ ਕਰਨ ਦਾ ਹੁਕਮ ਦਿੱਤਾ ਤਾਂ ਦੂਜੇ ਪਾਸੇ 2 ਸਾਲਾ ਮਾਸੂਮ ਨੂੰ ਬਚਾਉਣ ਲਈ ਕਿਸੀ ਤਕਨੀਕ ਦੀ ਵਰਤੋਂ ਨਹੀਂ ਕੀਤੀ ਗਈ। ਉਸ ਨੂੰ ਬਚਾਉਣ ਦਾ ਕੰਮ ਹੌਲੀ-ਹੌਲੀ ਮੈਨੁਅਲੀ ਚੱਲ ਰਿਹਾ ਹੈ, ਜਿਸ ਨਾਲ ਲੋਕਾਂ ਵਿਚ ਗੁੱਸਾ ਹੈ ਕਿਉਂਕਿ ਜਿੰਨੀਂ ਦੇਰੀ ਹੋ ਰਹੀ ਹੈ। ਫਤਿਹਵੀਰ ਦੇ ਜ਼ਿੰਦਾ ਬਾਹਰ ਨਿਕਲਣ ਦੇ ਚਾਂਸ ਉਨ੍ਹੇਂ ਹੀ ਘੱਟ ਰਹੇ ਹਨ। 

ਲੋਕਾਂ ਨੇ ਇਸ ਮਾਮਲੇ 'ਚ ਪ੍ਰਸ਼ਾਸਨ 'ਤੇ ਢਿੱਲ ਵਰਤਣ ਦਾ ਦੋਸ਼ ਲਗਾਇਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਜੋ ਕਿਹਾ ਉਹ ਵੀ ਸਵਾਲ ਖੜ੍ਹੇ ਕਰਦਾ ਹੈ। ਹਰਪਾਲ ਚੀਮਾ ਨੇ ਸਲਾਹ ਦਿੱਤੀ ਸੀ ਕਿ ਇੰਜਨੀਅਰਿੰਗ ਕਾਲਜਾਂ, ਹੋਰ ਸੂਬਿਆਂ ਤੇ ਦੇਸ਼ਾਂ ਤੋਂ ਤਕਨੀਕ ਮੰਗਵਾ ਕੇ ਫਤਿਹਵੀਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਜਿਸ 'ਤੇ ਪ੍ਰਸ਼ਾਸਨ ਨੇ ਕੋਈ ਗੌਰ ਨਹੀਂ ਕੀਤਾ ਜਿਸ ਦਾ ਨਤੀਜਾ ਇਹ ਹੈ ਕਿ ਚੌਥੇ ਦਿਨ ਵੀ ਫਤਿਹਵੀਰ ਬੋਰਵੈੱਲ ਵਿਚ ਹੈ। ਹੁਣ ਤਾਂ ਸਿਰਫ ਚਮਤਕਾਰ ਦੀ ਆਸ ਹੀ ਬਾਕੀ ਬਚੀ ਹੈ ਤੇ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਪੰਜਾਬ ਦਾ ਕੈਪਟਨ ਕਿੱਥੇ ਹੈ।

Baljeet Kaur

This news is Content Editor Baljeet Kaur