ਫਤਿਹਵੀਰ ਦੇ ਨਾਂ 'ਤੇ ਸੜਕ ਦਾ ਨਾਂ ਰੱਖ ਕੇ ਉਲਟਾ ਘਿਰੀ ਸਰਕਾਰ, ਕੀਤੀ ਇਹ ਗਲਤੀ (ਵੀਡੀਓ)

06/20/2019 3:37:18 PM

ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਸਰਕਾਰ ਨੇ 150 ਫੁੱਟ ਡੂੰਘੇ ਬੋਰਵੈੱਲ ਡਿੱਗ ਕੇ ਮੌਤ ਦੇ ਮੂੰਹ ਵਿਚ ਗਏ ਮਾਸੂਮ ਫਤਿਹਵੀਰ ਸਿੰਘ ਲਈ ਬੀਤੇ ਦਿਨ ਵੱਡਾ ਐਲਾਨ ਕਰਦੇ ਹੋਏ ਸੁਨਾਮ-ਸ਼ੇਰੋਂ ਕੈਚੀਆਂ ਤੋਂ ਸ਼ੇਰੋਂ-ਲੌਂਗੋਵਾਲ ਨੂੰ ਜਾਣ ਵਾਲੀ ਸੜਕ ਦਾ ਨਾਂ 'ਫਤਿਹਵੀਰ ਸਿੰਘ' ਦੇ ਨਾਂ 'ਤੇ ਰੱਖਿਆ ਪਰ ਹੁਣ ਸਰਕਾਰ ਇਸ ਮਾਮਲੇ ਵਿਚ ਘਿਰਦੀ ਨਜ਼ਰ ਆ ਰਹੀ ਹੈ।

ਦਰਅਸਲ ਬੀਤੇ ਦਿਨ ਪੰਜਾਬ ਸਰਕਾਰ ਦੇ ਐਲਾਨ ਤੋਂ ਬਾਅਦ ਇਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਗਲਤੀ ਪਾਈ ਗਈ ਹੈ। ਪੱਤਰ ਵਿਚ ਵਿਚ ਪੰਜਾਬ ਦੇ ਰਾਜਪਾਲ ਵੱਲੋਂ 'ਪ੍ਰਸੰਨਤਾ ਪੂਰਵਕ' ਲਿਖ ਕੇ ਇਸ ਮਾਰਗ ਦਾ ਨਾਂ ਫਤਿਹਵੀਰ ਸਿੰਘ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਮਾਰਗ ਦਾ ਨਾਂ 'ਪ੍ਰਸੰਨਤਾ ਪੂਰਵਕ' ਨਹੀਂ ਮਜਬੂਰੀ ਕਾਰਨ ਰੱਖਿਆ ਗਿਆ ਹੈ। ਇਸ ਪੰਜਾਬ ਸਰਕਾਰ ਨੂੰ ਆਪਣੀ ਇਸ ਗਲਤੀ ਨੂੰ ਸੁਧਾਰਨਾ ਚਾਹੀਦਾ ਹੈ। ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਾਰਗ ਦੀ ਬਜਾਏ ਕਿਸੇ ਇੰਸਟੀਚਿਊਟ ਦਾ ਨਾਂ ਫਤਿਹਵੀਰ ਦੇ ਨਾਂ 'ਤੇ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਫਤਿਹਵੀਰ ਦੇ ਪਰਿਵਾਰਕ ਮੈਂਬਰ ਜਦੋਂ ਵੀ ਇਸ ਮਾਰਗ ਤੋਂ ਲੰਘਣਗੇ ਤਾਂ ਉਨ੍ਹਾਂ ਨੂੰ ਤਕਲੀਫ ਹੁੰਦੀ ਰਹੇਗੀ ਕਿ ਕਿਵੇਂ ਉਨ੍ਹਾਂ ਦਾ ਬੱਚਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ।