ਫਤਿਹਵੀਰ ਦੀ ਮੌਤ 'ਤੇ ਸਿਆਸਤ ਸ਼ੁਰੂ

06/12/2019 12:46:10 PM

ਜਲੰਧਰ/ਸੰਗਰੂਰ (ਵੈੱਬ ਡੈਸਕ) : ਫਤਿਹਵੀਰ ਦੀ ਮੌਤ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਵੱਖ-ਵੱਖ ਪਾਰਟੀ ਦੇ ਆਗੂਆਂ ਵੱਲੋਂ ਹੁਣ ਟਵੀਟ ਕਰਕੇ ਫਤਿਹਵੀਰ ਦੀ ਮੌਤ 'ਤੇ ਦੁੱਖ ਜਤਾਇਆ ਜਾ ਰਿਹਾ ਹੈ, ਜਦੋਂ ਕਿ 6 ਦਿਨਾਂ ਤੱਕ ਕਿਸੇ ਵੀ ਆਗੂ ਨੇ ਬੱਚੇ ਦੀ ਕੋਈ ਸਾਰ ਤੱਕ ਨਹੀਂ ਲਈ ਸੀ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5ਵੇਂ ਦਿਨ ਟਵੀਟ ਕਰਕੇ ਬੋਰ ਖੁੱਲ੍ਹੇ ਛੱਡਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਅਤੇ ਬੋਰ ਖੁੱਲ੍ਹੇ ਛੱਡਣ ਵਾਲਿਆਂ ਖਿਲਾਫ 24 ਘੰਟਿਆਂ ਵਿਚ ਕਾਰਵਾਈ ਕਰਨ ਦੇ ਹੁਕਮ ਦਿੱਤੇ।

  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, ਫਤਿਹਵੀਰ ਦੀ ਮੌਤ ਦੀ ਖਬਰ ਸੁਣ ਕੇ ਕਾਫੀ ਦੁੱਖ ਹੋਇਆ। ਉਹ ਪ੍ਰਾਰਥਨਾ ਕਰਦੇ ਹਨ ਕਿ ਵਾਹਿਗੁਰੂ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਵੇ। ਉਨ੍ਹਾਂ ਨੇ ਜ਼ਿਲੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਖੁੱਲੇ ਬੋਰਵੈੱਲ ਦੀ ਰਿਪੋਰਟ ਮੰਗੀ ਹੈ ਤਾਂ ਕਿ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ।

 

  • ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਫਤਿਹਵੀਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਉਸ ਦੇ ਮਾਤਾ-ਪਿਤਾ ਨਾਲ ਇਸ ਦੁੱਖ ਦੀ ਘੜੀ ਵਿਚ ਨਾਲ ਖੜੇ ਹਨ ਅਤੇ ਫਤਿਹਵੀਰ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ। ਅਜਿਹੇ ਹਾਦਸੇ ਨਾ ਹੋਣ ਇਸ ਦਾ ਪੂਰਾ ਇੰਤਜ਼ਾਮ ਕੀਤਾ ਜਾਏਗਾ।

 

  • ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਫਤਿਹਵੀਰ ਦੀ ਮੌਤ 'ਤੇ ਕਿਹਾ ਕਿ ਪੀ.ਜੀ.ਆਈ. ਦੇ ਫਾਰੈਂਸਿਕ ਐਕਸਪਰਟ ਬੋਰਡ ਨੂੰ ਵੀਡੀਓਗ੍ਰਾਫੀ ਨਾਲ ਪੋਸਟਮਾਰਟਮ ਕਰਨਾ ਚਾਹੀਦਾ ਸੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਫਤਿਹਵੀਰ ਦੀ ਮੌਤ ਦਾ ਸਹੀ ਸਮਾਂ ਅਤੇ ਸਹੀ ਦਿਨ ਦਾ ਪਤਾ ਲੱਗ ਸਕਦਾ।

 

  • ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ 6 ਦਿਨਾਂ ਤੱਕ ਇਕ 2 ਸਾਲ ਦਾ ਬੱਚਾ ਬੋਰਵੈੱਲ ਵਿਚ ਫਸਿਆ ਰਿਹਾ। ਕੈਪਟਨ ਸਰਕਾਰ ਜ਼ਿਲਾ ਪ੍ਰਸ਼ਾਸਨ ਬਿਲਕੁਲ ਗੰਭੀਰ ਨਜ਼ਰ ਨਹੀਂ ਆਏ। ਇਹ ਬਹੁਤ ਵੱਡੀ ਲਾਪ੍ਰਵਾਹੀ ਹੈ। ਇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜਿਨ੍ਹਾਂ ਦੀ ਜ਼ਿੰਮੇਦਾਰੀ ਬਣਦੀ ਹੈ, ਉਨ੍ਹਾਂ ਖਿਲਾਫ ਪਹਿਲਾਂ ਕਾਰਵਾਈ ਹੋਣੀ ਚਾਹੀਦੀ ਹੈ।

 

  • ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫਤਿਹਵੀਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਹੈ, ਮਾਸੂਮ ਫਤਿਹਵੀਰ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਦੁੱਖ ਭਰੀ ਘੜੀ ਵਿਚ ਉਸ ਦੇ ਮਾਪਿਆਂ ਨਾਲ ਮੈਨੂੰ ਦਿਲੋਂ ਹਮਦਰਦੀ ਹੈ। ਅਕਾਲ ਪੁਰਖ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿਚ ਹੌਸਲਾ ਬਖਸ਼ਣ। ਉਨ੍ਹਾਂ ਅੱਗੇ ਲਿਖਿਆ ਹੈ ਕਿ ਸਾਨੂੰ ਹੁਣ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਪੰਜਾਬ 'ਚ ਮੁੜ ਕੋਈ ਫਤਿਹਵੀਰ ਅਜਿਹੀ ਹੋਣੀ ਦਾ ਸ਼ਿਕਾਰ ਨਾ ਹੋਵੇ।

 

  • ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕੈਪਟਨ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਪਟਿਆਲਾ ਦੇ ਨਹੀਂ ਪੂਰੇ ਪੰਜਾਬ ਦੇ ਸੀ.ਐਮ. ਹਨ। ਸਮੇਂ 'ਤੇ ਠੀਕ ਫੈਸਲੇ ਨਾ ਲਏ ਜਾਣ ਕਾਰਨ ਮਾਸੂਮ ਬਚੇ ਦੀ ਜਾਨ ਚਲੀ ਗਈ ਹੈ।

 

  • ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫੇਸਬੁੱਕ 'ਤੇ ਪਾ ਕੇ ਫਤਿਹਵੀਰ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ, ''ਅਲਵਿਦਾ ਫਤਿਹਵੀਰ ਸਿੰਘ, ਦਿਲ ਰੌਂਦਾ ਤੈਨੂੰ ਅਲਵਿਦਾ ਕਹਿਣ ਲੱਗਿਆ ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾ ਕਰੇ। ਵਾਹਿਗੁਰੂ ਤੈਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਅਤੇ ਪਰਿਵਾਰ ਨੂੰ ਹੌਸਲਾ ਰੱਖਣ ਦਾ ਹੌਸਲਾ ਦੇਵੇ।'' ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਵਾਹਿਗੁਰੂ ਸਭ ਦੇ ਬੱਚਿਆਂ ਨੂੰ ਹੱਸਦਾ ਵੱਸਦਾ ਰੱਖੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 9 ਜੂਨ ਨੂੰ ਰਾਜਾ ਵੜਿੰਗ ਨੇ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਦੀ ਜ਼ਿੰਦਗੀ ਬਚਾਉਣ ਲਈ ਲੋਕਾਂ ਨੂੰ ਅਰਦਾਸ ਕਰਨ ਲਈ ਕਿਹਾ ਸੀ। ਉਨ੍ਹਾਂ ਲਿਖਿਆ ਸੀ, ''ਸੰਗਰੂਰ 'ਚ ਬੋਰਵੈੱਲ 'ਚ ਡਿੱਗੇ ਫਤਿਹਵੀਰ ਦੀ ਜ਼ਿੰਦਗੀ ਲਈ ਆਓ ਅਰਦਾਸ ਕਰੀਏ। ਪਰਮਾਤਮਾ ਫਤਿਹ ਨੂੰ ਲੰਬੀ ਉਮਰ ਦੇਵੇ।'' 


ਦੱਸ ਦੇਈਏ ਕਿ ਫ਼ਤਹਿਵੀਰ ਸਿੰਘ ਬੀਤੇ ਵੀਰਵਾਰ ਨੂੰ ਆਪਣੇ ਖੇਤ ਵਿਚ ਬਣੇ ਹੋਏ ਬੋਰਵੈੱਲ ਵਿਚ ਡਿੱਗ ਪਿਆ ਸੀ, ਹਾਲਾਂਕਿ ਉਸ ਦੀ ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਹੋ ਗਈ। ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੂੰ ਬਚਾਉਣ ਲਈ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਸਨ, ਪਰ ਮੰਗਲਵਾਰ ਤੜਕੇ ਸਵੇਰੇ ਸਵਾ 5 ਵਜੇ ਦੇ ਕਰੀਬ ਫਤਿਹਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਆਖ ਚੁੱਕਾ ਸੀ।

cherry

This news is Content Editor cherry