ਸੰਗਰੂਰ ਜ਼ਿਮਨੀ ਚੋਣ : ਵੋਟਰਾਂ ਨੇ ਨਹੀਂ ਦਿਖਾਇਆ ਉਤਸ਼ਾਹ, 36.4 ਫ਼ੀਸਦੀ ਹੋਈ ਪੋਲਿੰਗ

06/23/2022 11:24:14 PM

ਸੰਗਰੂਰ (ਅਨੀਸ਼, ਵਿਵੇਕ ਸਿੰਧਵਾਨੀ) : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦਾ ਕੰਮ ਅਮਨ-ਅਮਾਨ ਨਾਲ ਸੰਪੰਨ ਹੋ ਗਿਆ ਪਰ ਇਸ ਚੋਣ ਲਈ ਲੋਕਾਂ ਨੇ ਬਿਲਕੁਲ ਵੀ ਉਤਸ਼ਾਹ ਨਹੀਂ ਦਿਖਾਇਆ। ਸ਼ਾਮ 5 ਵਜੇ ਤੱਕ ਕੁੱਲ 36.4 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਲੋਕ ਸਭਾ ਸੰਗਰੂਰ ਅਧੀਨ ਪੈਂਦੇ 9 ਹਲਕਿਆਂ 'ਚੋਂ ਹਲਕਾ ਸੰਗਰੂਰ ’ਚ 36 ਫ਼ੀਸਦੀ, ਮਾਲੇਰਕੋਟਲਾ ’ਚ 47.30, ਬਰਨਾਲਾ ’ਚ 36.23, ਭਦੌੜ ’ਚ 38.03, ਮਹਿਲ ਕਲਾਂ ’ਚ 37, ਦਿੜ੍ਹਬਾ ’ਚ 40.58, ਧੂਰੀ ’ਚ 33, ਸੁਨਾਮ ’ਚ 34 ਅਤੇ ਲਹਿਰਾਗਾਗਾ ’ਚ 32 ਫ਼ੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ।

ਇਹ ਵੀ ਪੜ੍ਹੋ : ਸਰਕਾਰੀ ਕਣਕ ਪਲੰਥਾਂ ’ਚ 1.90 ਕਰੋੜ ਦਾ ਘਪਲਾ, ਵਿਭਾਗ ਵੱਲੋਂ ਚੈਕਿੰਗ ’ਤੇ ਮਾਮਲਾ ਦਰਜ

ਜ਼ਿਕਰਯੋਗ ਹੈ ਕਿ ਸੰਗਰੂਰ ਸੰਸਦੀ ਖੇਤਰ 'ਚ 15,69,240 ਕੁੱਲ ਵੋਟਰ ਹਨ, ਜਿਨ੍ਹਾਂ ’ਚੋਂ 83,0,240 ਪੁਰਸ਼, 7,39,140 ਔਰਤਾਂ ਤੇ 44 ਟ੍ਰਾਂਸਜੈਂਡਰ ਵੋਟਰ ਹਨ। ਕੁੱਲ 16 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਵੋਟਰਾਂ 1766 ਵੋਟ ਕੇਂਦਰਾਂ ’ਤੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ। 296 ਸੰਵੇਦਨਸ਼ੀਲ ਵੋਟ ਕੇਂਦਰਾਂ ’ਤੇ ਵੱਦ ਪੁਲਸ ਬਲ ਤਾਇਨਾਤ ਕੀਤਾ ਗਿਆ। ਦੱਸ ਦੇਈਏ ਕਿ ‘ਆਪ’ ਨੂੰ ਫਰਵਰੀ 2022 ਦੀ ਵਿਧਾਨ ਸਭਾ ਚੋਣ 'ਚ 9 ਵਿਧਾਨ ਸਭਾ ਹਲਕਿਆਂ ’ਚ ਕੁੱਲ 6,43,354 ਵੋਟ ਮਿਲੇ, ਜਦੋਂਕਿ ਕਾਂਗਰਸ 2,11,012 ਵੋਟਾਂ ਦੇ ਨਾਲ ਦੂਸਰੇ ਸਥਾਨ 'ਤੇ ਰਹੀ। 9 ਵਿਧਾਨ ਸਭਾ ਖੇਤਰਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਮੂਹਿਕ ਰੂਪ ਨਾਲ 1,41,382 ਵੋਟਾਂ ਮਿਲੀਆਂ, ਜਦੋਂਕਿ ਭਾਜਪਾ 85,509 ਵੋਟਾਂ ਦੇ ਨਾਲ ਚੌਥੇ ਨੰਬਰ ’ਤੇ ਸੀ ਤੇ ਉਸ ਮਗਰੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਨ, ਉਨ੍ਹਾਂ ਨੂੰ 81,553 ਵੋਟਾਂ ਪਈਆਂ ਸਨ।

ਇਹ ਵੀ ਪੜ੍ਹੋ : ਪੰਜਾਬ ਦੀਆਂ ਵੋਲਵੋ ਬੱਸਾਂ 'ਚ ਯਾਤਰੀਆਂ ਨੂੰ ਮਿਲੇਗੀ ਹੁਣ ਇਹ ਖਾਸ ਸਹੂਲਤ

ਇਸ ਚੋਣ ’ਚ ਜਿੱਥੇ ਸੱਤਾਧਾਰੀ ਪਾਰਟੀ ਨੇ 3 ਮਹੀਨਿਆਂ ’ਚ ਕੀਤੇ ਕੰਮਾਂ ਦੇ ਆਧਾਰ ’ਤੇ ਜਨਤਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਸੂਬੇ ’ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਲਈ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਿਆ ਸੀ। ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਇਸ ਚੋਣ 'ਚ ਕਾਫੀ ਉੱਠਿਆ। ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ, ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਿਮਰਨਜੀਤ ਸਿੰਘ ਮਾਨ, ਕਾਂਗਰਸ ਵੱਲੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਦੀਪ ਕੌਰ ਚੋਣ ਮੈਦਾਨ 'ਚ ਹਨ।

ਇਹ ਵੀ ਪੜ੍ਹੋ : ਤਿਰੰਗੇ 'ਚ ਲਿਪਟ ਕੇ ਆਈ ਸ਼ਹੀਦ ਸਵਰਨਜੀਤ ਸਿੰਘ ਦੀ ਲਾਸ਼, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਲੌਂਗੋਵਾਲ ਵਿਖੇ ਬੂਥ ਨੰਬਰ 51 ਦੀ ਈ.ਵੀ.ਐੱਮ. ਖਰਾਬ ਹੋਣ ਕਾਰਨ ਇਕ ਘੰਟਾ ਪੋਲਿੰਗ ਰਹੀ ਬੰਦ

ਲੌਂਗੋਵਾਲ (ਜ.ਬ., ਵਿਜੇ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਇਥੇ ਬੂਥ ਨੰਬਰ 51 ’ਤੇ ਅੱਜ ਈ.ਵੀ.ਐੱਮ. ਖ਼ਰਾਬ ਹੋਣ ਕਾਰਨ ਇਕ ਘੰਟਾ ਵੋਟਿੰਗ ਬੰਦ ਰਹੀ। ਇਸ ਮੌਕੇ ਐੱਸ.ਡੀ.ਐੱਮ. ਸੁਨਾਮ ਜਸਪ੍ਰੀਤ ਸਿੰਘ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ, ਜਦ ਮਸ਼ੀਨ ਦੁਬਾਰਾ ਚਾਲੂ ਨਾ ਹੋ ਸਕੀ ਤਾਂ ਐੱਸ.ਡੀ.ਐੱਮ. ਨੇ ਮਸ਼ੀਨ ਨੂੰ ਬਦਲਵਾ ਕੇ ਮੁੜ ਪੋਲਿੰਗ ਸ਼ੁਰੂ ਕਰਵਾਈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਵਾਹਨਾਂ ਦੇ ਫੈਂਸੀ ਨੰਬਰਾਂ ਨੂੰ ਲੈ ਕੇ ਨਵਾਂ ਹੁਕਮ ਜਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News