ਅਕਾਲੀ ਦਲ 1920 'ਚ ਬਣਿਆ ਅਤੇ 2020 'ਚ ਖਤਮ : ਭਗਵੰਤ ਮਾਨ

12/23/2019 5:57:17 PM

ਸੰਗਰੂਰ(ਬੇਦੀ) : ''ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਦੋਗਲਾ ਵਤੀਰਾ ਅਪਣਾਇਆ ਹੈ।'' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਲੀਮੈਂਟ ਮੈਂਬਰ ਭਗਵੰਤ ਸਿੰਘ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੀ ਕੁਰਸੀ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੋਵੇਂ ਪਤੀ-ਪਤਨੀ ਨੇ ਸੰਸਦ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ 'ਚ ਵੋਟ ਕੀਤਾ ਪਰ ਪੰਜਾਬ ਆ ਕੇ ਵੱਖਰੀ ਰਾਹ ਅਖਤਿਆਰ ਕਰ ਲੈਂਦੇ ਹਨ ਕਿ ਇਸ 'ਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀਆਂ ਰਾਹਾਂ 'ਤੇ ਚੱਲ ਰਹੇ ਹਨ, ਉਹ ਵੀ ਦਿੱਲੀ 'ਚ ਕੁੱਝ ਹੋਰ ਅਤੇ ਪੰਜਾਬ 'ਚ ਕੁੱਝ ਹੋਰ ਰਾਜਨੀਤੀ ਕਰਦੇ ਸਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਬੋਲਦਿਆਂ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਅਕਾਲੀ ਦਲ 1920 'ਚ ਬਣਿਆ ਅਤੇ 2020 'ਚ ਖਤਮ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਨਾਗਰਿਕਤਾ ਸੋਧ ਕਾਨੂੰਨ ਗਲਤ ਹੈ। ਦੇਸ਼ ਦੀ ਜੀ. ਡੀ. ਪੀ. ਡਿੱਗ ਕੇ 2.5 ਫੀਸਦੀ ਤੋਂ ਵੀ ਹੇਠਾਂ ਹੈ ਇਹ ਤਾਂ ਭਾਜਪਾ ਵਾਲੇ ਗਲਤ ਤਰੀਕੇ ਨਾਲ 5 ਫੀਸਦੀ ਦੇ ਨੇੜੇ ਦਿਖਾ ਰਹੇ ਹਨ ਅਤੇ ਦੇਸ਼ 'ਚ ਬੇਰੋਜ਼ਗਾਰੀ ਵੱਧ ਰਹੀ ਹੈ ਅਤੇ ਭਾਜਪਾ ਇਸ ਕਾਨੂੰਨ ਨਾਲ ਸਿਰਫ਼ ਹਿੰਦੂ-ਮੁਸਲਿਮ ਕਰਨਾ ਚਾਹੁੰਦੇ ਹਨ ਪਰ ਭਾਜਪਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅੱਜ ਝਾਰਖੰਡ ਹਰਾ ਚੁੱਕੇ ਹਨ ਅਤੇ ਬੀਤੇ 1 ਸਾਲ 'ਚ 5 ਰਾਜਾਂ ਤੋਂ ਹੱਥ ਧੋ ਬੈਠੇ ਹਨ। ਉਨ੍ਹਾਂ ਕਿਹਾ ਕਿ 'ਆਪ' ਇਸ ਕਾਨੂੰਨ ਖਿਲਾਫ਼ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਗਿਆਨ ਸਿੰਘ ਮਾਨ, ਅਵਤਾਰ ਸਿੰਘ ਈਲਵਾਲ, ਨਰਿੰਦਰ ਕੌਰ ਭਰਾਜ, ਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।

cherry

This news is Content Editor cherry