ਕਿਰਪਾਲ ਸਿੰਘ ਕਸੇਲ ਦੀ ਯਾਦ ’ਚ ਸਮਾਰੋਹ

Monday, Apr 22, 2019 - 04:09 AM (IST)

ਸੰਗਰੂਰ (ਗਰਗ)-ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵੱਲੋਂ ਪੰਜਾਬੀ ਸਾਹਿਤ ਇਤਿਹਾਸ ਦੇ ਸੁਪ੍ਰਸਿੱਧ ਖੋਜੀ ਵਿਦਵਾਨ ਕਿਰਪਾਲ ਸਿੰਘ ਕਸੇਲ ਦੀ ਯਾਦ ਵਿਚ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਲਜ ਦੇ ਸਮੂਹ ਵਿਦਿਆਰਥੀਆਂ ਸਟਾਫ਼ ਤੋਂ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਕਾਲਜ ਦੇ ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਸਵਰਗੀ ਕਿਰਪਾਲ ਸਿੰਘ ਕਸੇਲ ਨੂੰ ਯਾਦ ਕਰਦਿਆਂ ਕਿਹਾ ਕਿ ਕਸੇਲ ਪੰਜਾਬੀ ਸਾਹਿਤ ਵਿਚ ਮਿਲਟਨ ਵਜੋਂ ਜਾਣੇ ਜਾਂਦੇ ਸਨ ਉਨ੍ਹਾਂ ਦੀ ਸੁਪ੍ਰਸਿੱਧ ਕਿਤਾਬ “ਪੰਜਾਬ ਸਾਹਿਤ ਦੀ ਉਤਪਤੀ ਤੇ ਵਿਕਾਸ’’ ਜੋ ਪੰਜਾਬੀ ਸਾਹਿਤ ਵਿਚ ਕਲਾਸਿਕ ਦਰਜਾ ਰੱਖਦੀ ਹੈ, ਪੰਜਾਬੀ ਸਾਹਿਤ ਦਾ ਅਨਮੋਲ ਖ਼ਜ਼ਾਨਾ ਹੈ ,ਜੋ ਵਿਦਿਆਰਥੀਆਂ ਦਾ ਸਾਹਿਤ ਦੇ ਖੇਤਰ ਵਿਚ ਮਾਰਗ ਦਰਸ਼ਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਕਸੇਲ ਪਹਿਲੇ ਸਾਹਿਤ ਇਤਿਹਾਸਕਾਰ ਸਨ ਜਿਨ੍ਹਾਂ ਨੇ ਪੰਜਾਬੀ ਨੂੰ ਵਿਗਿਆਨਕ ਲੀਹਾਂ ’ਤੇ ਪਾਇਆ। ਉਨ੍ਹਾਂ ਮੌਲਿਕ ਰਚਨਾ ਦੇ ਨਾਲ-ਨਾਲ ਬਹੁਤ ਸਾਰੀਆਂ ਪੁਸਤਕਾਂ ਸੰਪਾਦਤ ਵੀ ਕੀਤੀਆਂ ਤੇ ਸਾਹਿਤ ਵਿਚ ਪਾਏ ਪੂਰਨਿਆਂ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਗਿਆ। 1993 ਈ. ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਨ੍ਹਾਂ ਨੂੰ ਲਾਈਫ ਫੈਲੋਸ਼ਿਪ ਵੀ ਦਿੱਤੀ ਗਈ ਭਾਵੇਂ ਸਰਦਾਰ ਕਸੇਲ ਸਾਡੇ ਵਿਚਕਾਰ ਨਹੀਂ ਪਰ ਪੰਜਾਬੀ ਸਮਾਜ ਉਨ੍ਹਾਂ ਦੇ ਸਾਹਿਤ ਖੇਤਰ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਉਨ੍ਹਾਂ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾਕਟਰ ਪਵਨ ਗੁਪਤਾ ਅਤੇ ਡਾਇਰੈਕਟਰ ਰਕੇਸ਼ ਸ਼ਰਮਾ ਜੀ ਨੇ ਵੀ ਵਿਦਿਆਰਥੀਆਂ ਨੂੰ ਸਵਰਗੀ ਕਿਰਪਾਲ ਸਿੰਘ ਕਸੇਲ ਵੱਲੋਂ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਦਿਖਾਏ ਗਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਸਭਨਾਂ ਨੂੰ ਸਰਦਾਰ ਕਸੇਲ ਵੱਲੋਂ ਦਿਖਾਏ ਮਾਰਗ ’ਤੇ ਚੱਲ ਕੇ ਇਕ ਵਧੀਆ ਪੰਜਾਬ ਅਤੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ’ਚ ਚਮਕਦਾ ਰਹੇ।

Related News