ਟੀਕਾ ਲਗਾਉਣ ਵੇਲੇ ਸਾਵਧਾਨੀ ਰੱਖਣੀ ਜ਼ਰੂਰੀ : ਡਾ. ਪ੍ਰੇਮਪਾਲ

Monday, Apr 22, 2019 - 04:09 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)-ਸਿਵਲ ਸਰਜਨ ਸੰਗਰੂਰ ਵਿਖੇ ’ਇੰਜੈਕਸ਼ਨ ਸੇਫਟੀ ਪ੍ਰਾਜੈਕਟ’ ਤਹਿਤ ਵਿਸ਼ੇਸ਼ ਟ੍ਰੇਨਿੰਗ ਅਤੇ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਵਿਚ ਜ਼ਿਲਾ ਭਰ ਤੋਂ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਬਾਇਓ ਮੈਡੀਕਲ ਵੇਸਟ ਸਬੰਧੀ ਨੋਡਲ ਅਫਸਰ, ਬੀ. ਈ. ਈ. ਅਤੇ ਨਰਸਿੰਗ ਸਿਸਟਰਜ਼ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਟ੍ਰੇਨਿੰਗ ਦਿੰਦਿਆਂ ਡਾ. ਪਲਵੀ ਗਰਗ ਨੇ ਕਿਹਾ ਅਣਗਹਿਲੀ ਨਾਲ ਲਾਇਆ ਗਿਆ ਟੀਕਾ ਹੈਪੇਟਾਈਟਸ-ਬੀ., ਹੈਪੇਟਾਈਟਸ-ਸੀ ਤੇ ਐੱਚ. ਆਈ. ਵੀ. ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜੇ ਲਾਏ ਗਏ ਟੀਕੇ ਨੂੰ ਸਹੀ ਤਰੀਕੇ ਨਾਲ ਨਸ਼ਟ ਨਾ ਕਰਨਾ ਜਿੱਥੇ ਮਰੀਜ਼ ਅਤੇ ਟੀਕਾ ਲਗਾਉਣ ਵਾਲੇ ਲਈ ਖਤਰਨਾਕ ਹੈ, ਉਥੇ ਹੀ ਇਹ ਵਾਤਾਵਰਣ ਲਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾ ਲਗਾਉਣ ਤੋਂ ਪਹਿਲਾਂ ਦਸਤਾਨੇ ਪਾਉਣੇ ਲਾਜ਼ਮੀ ਹਨ। ਹਮੇਸ਼ਾ ਨਵੀਂ ਸਰਿੰਜ ਦੀ ਹੀ ਵਰਤੋਂ ਕੀਤੀ ਜਾਵੇ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਸੰਗਰੂਰ ਡਾ. ਪ੍ਰੇਮਪਾਲ ਸਿੰਘ ਗਿੱਲ ਨੇ ਕਿਹਾ ਕਿ ‘ਟੀਕਾ ਲਗਾਉਣ ਵੇਲੇ ਸਾਵਧਾਨੀ ਰੱਖਣੀ ਜ਼ਰੂਰੀ ਹੈ, ਤਾਂ ਜੋ ਮਰੀਜ਼ ਦੇ ਨਾਲ-ਨਾਲ ਟੀਕਾ ਲਗਾਉਣ ਵਾਲਾ ਵੀ ਸੁਰੱਖਿਅਤ ਰਹੇ। ਉਨ੍ਹਾਂ ਕਿਹਾ ਕਿ ਇੰਜੈਕਸ਼ਨ ਸੇਫਟੀ ਪ੍ਰਾਜੈਕਟ ਤਹਿਤ ਇਸ ਟਰੇਨਿੰਗ ਕਰਵਾਉਣ ਦਾ ਉਦੇਸ਼ ਇੰਜੈਕਸ਼ਨ ਲਾਉਣ ਦੀਆਂ ਸਹੀ ਵਿਧੀਆਂ, ਸਰਿੰਜ ਨੂੰ ਸਹੀ ਢੰਗ ਨਾਲ ਨਸ਼ਟ ਕਰਨ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਟੀਕਾ ਸੁਰੱਖਿਅਤ ਜ਼ਿੰਦਗੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਸਰਿੰਜਾਂ ਨੂੰ ਦੁਬਾਰਾ ਵਰਤੋਂ ’ਚ ਲਿਆਂਦਾ ਜਾਂਦਾ ਹੈ, ਜੋ ਗੰਭੀਰ ਬੀਮਾਰੀਆਂ ਨੂੰ ਖੁੱਲ੍ਹਾ ਸੱਦਾ ਹੈ। ਇਹ ਵੀ ਦੇਖਣ ’ਚ ਆਇਆ ਹੈ ਕਿ ਇੰਜੈਕਸ਼ਨ ਨੂੰ ਲੈ ਕੇ ਕਈ ਗਲਤ ਧਾਰਨਾਵਾਂ ਵੀ ਹਨ। ਜਾਗਰੂਕਤਾ ਦੀ ਘਾਟ ਦੇ ਚੱਲਦਿਆਂ ਲੋਕ ਕਈ ਵਾਰ ਡਾਕਟਰ ਕੋਲ ਆਪਣੀ ਬੀਮਾਰੀ ਦੇ ਇਲਾਜ ਲਈ ਸਿਰਫ਼ ਇੰਜੈਕਸ਼ਨ ਲਗਾਉਣ ਲਈ ਹੀ ਜ਼ੋੋਰ ਦਿੰਦੇ ਹਨ, ਜੋ ਗਲਤ ਹੈ। ਡਾ. ਗਿੱਲ ਨੇ ਜ਼ਿਲੇ ਦੀਆਂ ਮਹੀਨੇ ਭਰ ਦੀਆਂ ਰਿਪੋਰਟਜ਼ ਦਾ ਰੀਵਿਊ ਕਰਦਿਆਂ ਕਿਹਾ ਕਿ ਇਹ ਲਾਜ਼ਮੀ ਬਣਾਇਆ ਜਾਵੇ ਕਿ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲੋਕ ਫਾਇਦਾ ਲੈ ਸਕਣ। ਇਸ ਮੌਕੇ ਸਹਾਇਕ ਸਿਵਲ ਸਰਜਨ ਸੰਗਰੂਰ ਡਾ. ਮਹੇਸ਼ ਆਹੂਜਾ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਵਿੰਦਰ ਕਲੇਰ, ਡੀ. ਐੱਮ. ਸੀ. ਡਾ. ਪਰਮਿੰਦਰ ਕੌਰ, ਟੀ. ਪੀ. ਆਈ. ਸਹਾਇਕ ਮੁਹੰਮਦ ਅਕਮਲ ਅਤੇ ਜ਼ਿਲਾ ਮਾਸ ਮੀਡੀਆ ਵਿੰਗ ਤੋਂ ਵਿਕਰਮ ਸਿੰਘ ਵੀ ਮੌਜੂਦ ਸਨ।

Related News