‘ਜਸ਼ਨ-ਏ-ਰੁਖ਼ਸਤ’ ਸਮਾਗਮ ਯਾਦਗਾਰੀ ਹੋ ਨਿਬਡ਼ਿਆ

Monday, Apr 22, 2019 - 04:09 AM (IST)

ਸੰਗਰੂਰ (ਕਾਂਸਲ)-ਗੁਰੂ ਤੇਗ ਬਹਾਦਰ ਕਾਲਜ ਵਿਖੇ ਬੀ. ਏ. ਅਤੇ ਪੀ. ਜੀ. ਡੀ. ਸੀ. ਏ. ਦੀ ਪਡ਼੍ਹਾਈ ਪੂਰੀ ਕਰਨ ਜਾ ਰਹੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਏਗੀ ਦੇਣ ਲਈ ਆਯੋਜਿਤ ਫੇਅਰਵੈਲ ਪਾਰਟੀ ‘ਜਸ਼ਨ-ਏ-ਰੁਖ਼ਸਤ’ ਸਮਾਗਮ ਯਾਦਗਾਰੀ ਹੋ ਨਿਬਡ਼ਿਆ। ਇਸ ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਦੌਰਾਨ ਅੰਤਿਮ ਸਾਲ ਦੀ ਪਡ਼੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਕਾਲਜ ’ਚ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਕੀਤੀਆਂ ਭਾਵਪੂਰਨ ਟਿੱਪਣੀਆਂ ਨੇ ਸਮਾਗਮ ’ਚ ਹਾਜ਼ਰ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਭਾਵੁਕ ਕਰ ਦਿੱਤਾ। ਇਸ ਮੌਕੇ ਕਰਵਾਏ ਗਏ ਪ੍ਰਤਿਭਾ ਖੋਜ ਮੁਕਾਬਲਿਆਂ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਸੀਨੀਅਰ ਵਿਦਿਆਰਥੀਆਂ ’ਚੋਂ ਬੀ. ਏ. ਭਾਗ ਤੀਜਾ ਦੇ ਵਿਦਿਆਰਥੀ ਗੁਰਸੇਵਕ ਸਿੰਘ ਨੂੰ ਮਿਸਟਰ ਫੇਅਰਵੈੱਲ ਅਤੇ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਰਾਜਨਦੀਪ ਕੌਰ ਨੂੰ ਮਿਸ ਫੇਅਰਵੈੱਲ ਦੇ ਅਹਿਮ ਖ਼ਿਤਾਬ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਇਸ ਮੌਕੇ ਆਪਣੇ ਵਿਲੱਖਣ ਹੁਨਰ ਦਾ ਪ੍ਰਗਟਾਵਾ ਕਰਨ ਵਾਲੇ ਪੀ. ਜੀ. ਡੀ. ਸੀ. ਏ. ਦੇ ਵਿਦਿਆਰਥੀ ਸੁਖਦੀਪ ਸਿੰਘ ਨੂੰ ਮਿਸਟਰ ਪਰਫੈਕਟ ਅਤੇ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਮਨਦੀਪ ਕੌਰ ਨੂੰ ਮਿਸ ਪਰਫੈਕਟ, ਬੀ. ਏ. ਭਾਗ ਤੀਜਾ ਦੇ ਵਿਦਿਆਰਥੀਆਂ ਲਖਵਿੰਦਰ ਸਿੰਘ ਅਤੇ ਕੁਸੁਮ ਨੂੰ ਜੈੱਮਜ਼ ਆਫ ਦੀ ਕਾਲਜ ਦੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਪਿਛਲੇ ਅਕਾਦਮਿਕ ਸੈਸ਼ਨ ਦੌਰਾਨ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ, ਜਿਨ੍ਹਾਂ ਵਿੱਚ ਸੈਸ਼ਨ 2017-18 ਦੌਰਾਨ ਬੀ. ਏ. ਭਾਗ ਤੀਜਾ ਵਿੱਚੋਂ 76 ਫੀਸਦੀ ਅੰਕਾਂ ਨਾਲ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਜਸਵੀਰ ਕੌਰ, ਬੀ. ਏ. ਭਾਗ ਦੂਜਾ ਵਿੱਚੋਂ 81.5 ਫੀਸਦੀ ਅੰਕਾਂ ਨਾਲ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਕੁਸੁਮ ਅਤੇ ਬੀ. ਏ. ਭਾਗ ਪਹਿਲਾ ਵਿੱਚੋਂ 79 ਫੀਸਦੀ ਅੰਕਾਂ ਨਾਲ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਸੋਨੀਆ ਨੂੰ 1100 ਦੀ ਨਕਦ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ-ਨਾਲ ਬੀ. ਏ. ਭਾਗ ਪਹਿਲਾ, ਦੂਜਾ ਅਤੇ ਤੀਜਾ ਵਿੱਚੋਂ ਕ੍ਰਮਵਾਰ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਹਰਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਕਾਜਲ ਰਾਣੀ ਨੂੰ 500 ਦੀ ਪ੍ਰੋਤਸਾਹਨ ਰਕਮ ਦੇ ਕੇ ਨਕਦ ਇਨਾਮ ਨਾਲ ਨਿਵਾਜਿਆ ਗਿਆ। ਇਸ ਮੌਕੇ ਡਾ. ਸੰਦੀਪ ਕੁਮਾਰ ਨੇ ਆਪਣੇ ਸੰਬੋਧਨ ਵਿਚ ਆਪਣੀ ਡਿਗਰੀ ਦੀ ਪਡ਼੍ਹਾਈ ਪੂਰੀ ਕਰਨ ਜਾ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਪੂਰੀ ਮਿਹਨਤ ਕਰਨ ਅਤੇ ਮਕਸਦ ’ਚ ਵਧੇਰੇ ਸਫਲਤਾ ਹਾਸਲ ਕਰਨ ਲਈ ਬਹੁ-ਪੱਖੀ ਹੁਨਰ ਅਪਨਾਉਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਕਾਲਜ ਸਟਾਫ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜੂਦ ਸਨ।

Related News