ਖੁਸ਼ਹਾਲ ਬਸਤੀ ਦੇ ਅੰਦਰੂਨੀ ਖੇਤਰਾਂ ’ਚ ਮੁੱਢਲ਼ੀਆਂ ਸਹੂਲਤਾਂ ਤੋਂ ਲੋਕ ਵਾਂਝੇ

Monday, Apr 22, 2019 - 04:09 AM (IST)

ਸੰਗਰੂਰ (ਜ਼ਹੂਰ/ਸ਼ਹਾਬੂਦੀਨ)-ਮਾਨਾ ਰੋਡ ਸਥਿਤ ਖੁਸ਼ਹਾਲ ਬਸਤੀ ’ਚ ਅੰਦਰੂਨੀ ਖੇਤਰਾਂ ਦੇ ਲੋਕਾਂ ਨੇ ਨਰਕ ਭਰੀ ਜ਼ਿੰਦਗੀ ਅਤੇ ਸਰਕਾਰ ਵੱਲੋਂ ਮੁੱਢਲ਼ੀਆਂ ਸਹੂਲਤਾਂ ਨਾ ਦੇਣ ਦੇ ਚੱਲਦਿਆਂ ਅੱਜ ਨਗਰ ਕੌਂਸਲ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਖੇਤਰ ਦੇ ਵਸਨੀਕਾਂ ਮੁਹੰਮਦ ਹਾਰੂਨ ਅਤੇ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਨੂੰ ਹੋਂਦ ’ਚ ਆਏ 30-35 ਸਾਲ ਹੋ ਗਏ ਹਨ। ਬਸਤੀ ਦੇ ਲੋਕਾਂ ਨੂੰ ਅਜੇ ਤੱਕ ਨਗਰ ਕੌਂਸਲ ਜਾਂ ਪੰਜਾਬ ਸਰਕਾਰ ਨੇ ਜਿਉਣ ਲਈ ਕੋਈ ਮੁੱਢਲੀ ਸਹੂਲਤ ਤੱਕ ਨਹੀਂ ਦਿੱਤੀ, ਜਦ ਕਿ ਬਸਤੀ ’ਚ ਕਰੀਬ ਦੋ-ਢਾਈ ਸਾਲ ਪਹਿਲਾਂ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਲਈ ਕੇਂਦਰ ਸਰਕਾਰ ਵੱਲੋਂ ‘ਅੰਮ੍ਰਿਤ’ ਸਕੀਮ ਅਧੀਨ ਗ੍ਰਾਂਟ ਆਈ ਹੋਈ ਹੈ। ਉਨ੍ਹਾਂ ਦੱਸਿਆ ਕਿ ਬਸਤੀ ਦੇ ਲੋਕਾਂ ਨੇ ਘਰਾਂ ਦੇ ਗੰਦੇ ਪਾਣੀ ਲਈ ਗਲੀਆਂ ’ਚ ਆਰਜ਼ੀ ਕੱਚੇ ਟੋਏ ਪੁੱਟੇ ਹੋਏ ਹਨ ਜਿਸ ਦੇ ਭਰਨ ਨਾਲ ਗੰਦਾ ਪਾਣੀ ਉਹਨਾਂ ਨੂੰ ਖੁਦ ਹੀ ਕੱਢ ਕੇ ਗਲੀ ’ਚ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਸਤੀ ਦੇ ਲੋਕਾਂ ਨੇ ਮੁੱਢਲੀਆਂ ਸਹੂਲਤਾਂ ਨਾ ਮਿਲਣ ਦੇ ਚੱਲਦਿਆਂ ਆਪਣੇ ਘਰਾਂ ਨੂੰ ਵੇਚਣ ਲਈ ‘ਇਹ ਮਕਾਨ ਵਿਕਾਊ ਹੈ‘ ਲਿਖ ਦਿੱਤਾ ਹੈ। ਬਸਤੀ ਦੇ ਲੋਕਾਂ ਅਨੁਸਾਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦਿਆਂ ਆਪਸੀ ਲਡ਼ਾਈ ਹੋ ਜਾਂਦੀਆਂ ਹਨ ਤੇ ਉਹਨਾਂ ‘ਤੇ ਥਾਣਾ ਸਿਟੀ-2 ਵਿਖੇ ਕਈ ਮਾਮਲੇ ਦਰਜ ਹੋ ਚੁੱਕੇ ਹਨ। ‘ਸਵੱਛ ਭਾਰਤ’ ਮਿਸ਼ਨ ਦਾ ਨਿਕਲਿਆ ਜਨਾਜ਼ਾ : ਖੁਸ਼ਹਾਲ ਬਸਤੀ ਦੇ ਅੰਦਰੂਨੀ ਖੇਤਰਾਂ ’ਚ ਖਾਲੀ ਪਲਾਟਾਂ, ਗਲੀਆਂ ’ਚ ਖਡ਼੍ਹੇ ਗੰਦੇ ਪਾਣੀ ’ਚੋਂ ਜਿਥੇ ਭੈਡ਼ੀ ਬਦਬੂ ਮਾਰ ਰਹੀ ਸੀ, ਓਥੇ ਹੀ ਪਾਣੀ ’ਚ ਮੱਖੀ ਮੱਛਰ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਸਨ। ਨਮਾਜ਼-ਰੋਜ਼ੇ ਰੱਖਣ ’ਚ ਆਉਂਦੀ ਹੈ ਭਾਰੀ ਪ੍ਰੇਸ਼ਾਨੀ : ਬਸਤੀ ਦੀ ਵਸਨੀਕ ਬੀਬੀ ਪਰਵੀਨ ਦਾ ਕਹਿਣਾ ਹੈ ਕਿ ਬਸਤੀ ਵਾਲਿਆਂ ਨੂੰ ਗਲੀਆਂ ’ਚ ਖਡ਼੍ਹੇ ਗੰਦੇ ਪਾਣੀ ਦੇ ਚੱਲਦਿਆਂ ਨਮਾਜ਼ ਅਦਾ ਕਰਨ ਲਈ ਮਸਜਿਦਾਂ ’ਚ ਜਾਣ ਸਮੇਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਨਮਾਜ਼ ਅਦਾ ਕਰਨ ਜਾਂਦੇ ਸਮੇਂ ਅਕਸਰ ਹੀ ਸਰਘੀ ਜਾਂ ਰਾਤ ਸਮੇਂ ਅਚਾਨਕ ਪੈਰ ਖੱਡੇ ’ਚ ਖਡ਼੍ਹੇ ਪਾਣੀ ’ਚ ਡਿਗ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਜਿਥੇ ਕੱਪਡ਼ੇ ਗੰਦੇ ਹੋ ਜਾਂਦੇ ਹਨ ਓਥੇ ਕਈ ਵਾਰ ਗੰਭੀਰ ਜ਼ਖਮੀ ਹੋਣ ਦਾ ਡਰ ਵੀ ਸਤਾਉਂਦਾ ਹੈ। ਪ੍ਰਸ਼ਾਸਨ ਨੂੰ ਸਲੱਮ ਬਸਤੀਆਂ ’ਚ ਤੁਰੰਤ ਵਾਟਰ ਸਪਲਾਈ ਤੇ ਸੀਵਰੇਜ ਪਾਉਣ ਲਈ ਕਦਮ ਪੁੱਟਣੇ ਚਾਹੀਦੈ : ਰਾਜਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਸਾਕਿਬ ਅਲ਼ੀ ਖਾਂ ਰਾਜਾ ਨੇ ਬਸਤੀ ’ਚ ਪੁੱਜ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ਹਿਰ ਦੀਆਂ ਸਮੁੱਚੀਆਂ ‘ਸਲੱਮ ਬਸਤੀਆਂ’ ਲਈ ਸਰਕਾਰ ਨੇ “ਅੰਮ੍ਰਿਤ ਸਕੀਮ’’ ਅਧੀਨ 200 ਕਰੋਡ਼ ਰੁਪਏ ਮਨਜ਼ੂਰ ਕੀਤੇ ਸੀ, ਜੋ ਨਗਰ ਕੌਂਸਲ ਤੇ ਸੀਵਰੇਜ ਬੋਰਡ ਕੋਲ ਆ ਗਏ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਸ਼ਹਿਰ ਦੀਆਂ ਗਲ਼ੀਆਂ ਦੇ ਮਜ਼ਬੂਤ ਫਰਸ਼ਾਂ ਤੇ ਨਾਲੀਆਂ ਨੂੰ ਪੁੱਟ ਕੇ ਦੁਬਾਰਾ ਬਣਾ ਰਹੇ ਹਨ, ਜਿਸ ਨਾਲ ਨਗਰ ਕੌਂਸਲ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸਲੱਮ ਬਸਤੀਆਂ ’ਚ ਤੁਰੰਤ ਵਾਟਰ ਸਪਲਾਈ ਤੇ ਸੀਵਰੇਜ ਪਾਉਣ ਲਈ ਕਦਮ ਪੁੱਟਣੇ ਚਾਹੀਦੇ ਹਨ। ਕੀ ਕਹਿੰਦੇ ਹਨ ਨਗਰ ਕੌਂਸਲ ਦੇ ਪ੍ਰਧਾਨ : ਬਸਤੀ ਦੀਆਂ ਮੁਸ਼ਕਲਾਂ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਇਕਬਾਲ ਫੌਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸਲੱਮ ਬਸਤੀਆਂ ’ਚ ਪਹਿਲੇ ਫੇਸ ਦਾ ਟੈਂਡਰ ਹੋਣ ਉਪਰੰਤ ਕੰਮ ਚੱਲ ਰਿਹਾ ਹੈ, ਜਦ ਕਿ ਦੂਜੇ ਫੇਜ਼ ਦਾ ਟੈਂਡਰ ਹੋਣ ਦੇ ਬਾਵਜੂਦ ਸੀਵਰੇਜ ਬੋਰਡ ਕੰਮ ਸ਼ੁਰੂ ਨਹੀਂ ਕਰ ਰਿਹਾ, ਜਦ ਕਿ ਸੀਵਰੇਜ ਬੋਰਡ ਕੋਲ ਕੰਮ ਕਰਨ ਲਈ ਪੈਸਾ ਵੀ ਆ ਗਿਆ ਹੈ।

Related News