ਯੂ. ਟੀ. ਮੁਲਾਜ਼ਮਾਂ ਤੇ ਪੈਨਸ਼ਨਰਾਂ ਸਰਕਾਰ ਦੀ ਅਰਥੀ ਸਾਡ਼ੀ

04/13/2019 3:41:46 AM

ਸੰਗਰੂਰ (ਬੇਦੀ, ਹਰਜਿੰਦਰ)- ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ਼ ਸੂਬੇ ਭਰ ’ਚ 8 ਤੋਂ 12 ਅਪ੍ਰੈਲ ਤੱਕ ਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਅੱਗੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ, ਜਿਸ ਦੀ ਕਡ਼ੀ ਵਜੋਂ ਅੱਜ ਜ਼ਿਲਾ ਸੰਗਰੂਰ ਦੀ ਪੰਜਾਬ ਅਤੇ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਕਨਵੀਨਰ ਮੇਲਾ ਸਿੰਘ ਪੁੰਨਾਂਵਾਲ, ਰਣਜੀਤ ਸਿੰਘ ਈਸਾਪੁਰ, ਬਲਵੀਰ ਚੰਦ ਲੌਂਗੋਵਾਲ, ਜਗਦੀਸ਼ ਸ਼ਰਮਾ ਅਤੇ ਸ਼੍ਰੀ ਨਿਵਾਸ ਦੀ ਅਗਵਾਈ ਹੇਠ ਖੇਤੀਬਾਡ਼ੀ ਦਫ਼ਤਰ ਅੱਗੇ ਰੋਸ ਰੈਲੀ ਕਰਨ ਉਪਰੰਤ ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੀ ਕੋਠੀ ਵੱਲ ਮਾਰਚ ਕੀਤਾ ਗਿਆ, ਉਪਰੰਤ ਪੰਜਾਬ ਸਰਕਾਰ ਦੀ ਅਰਥੀ ਸਾਡ਼ ਕੇ ਪ੍ਰਦਰਸ਼ਨ ਕੀਤਾ। ਰੈਲੀ ਦੌਰਾਨ ਆਗੂਆਂ ਨੇ ਮੰਗ ਕੀਤੀ ਐਡਹਾਕ, ਕੰਟਰੈਕਟ, ਡੇਲੀਵੇਜ਼, ਟੈਂਪਰੇਰੀ, ਵਰਕਚਾਰਜ ਅਤੇ ਆਊਟਸੋਰਸ ਇੰਪਲਾਈਜ਼ ਵੈੱਲਫੇਅਰ ਐਕਟ 2016 ਅਨੁਸਾਰ ਰੈਗੂਲਰ ਕੀਤੇ ਜਾਣ, ਡੀ. ਏ. ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਮਾਂਬੱਧ ਕਰਦਿਆਂ 125 ਪ੍ਰਤੀਸ਼ਤ ਡੀ. ਏ. ਮਰਜ਼ ਕਰ ਕੇ ਅਤੇ 25 ਪ੍ਰਤੀਸ਼ਤ ਵਾਧਾ ਕਰ ਕੇ ਅੰਤ੍ਰਿਮ ਤੌਰ ’ਤੇ 01.01.2006 ਤੋਂ ਲਾਗੂ ਕਰਨ, ਨਵੀਂ ਪੈਨਸ਼ਨ ਸਕੀਮ ਲਾਗੂ ਕਰਨ, ਆਸ਼ਾ ਵਰਕਰਾਂ, ਮਿਡ-ਡੇ-ਮੀਲ ਅਤੇ ਆਂਗਣਵਾਡ਼ੀ ਸਟਾਫ਼ ਤੇ ਘੱਟੋ-ਘੱਟ ਉਜਰਤ ਐਕਟ ਲਾਗੂ ਕਰ ਕੇ 18,000 ਰੁਪਏ ਤਨਖਾਹ ਲਾਗੂ ਕੀਤੀ ਜਾਵੇ, ਮੁਲਾਜ਼ਮਾਂ ’ਤੇ ਲਾਇਆ ਗਿਆ 200 ਰੁਪਏ ਮਾਸਕ ਟੈਕਸ ਵਾਪਸ ਲਿਆ ਜਾਵੇ, ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ, ਬੱਧਾ ਡਾਕਟਰੀ ਭੱਤਾ 2000 ਰੁਪਏ ਮਹੀਨਾ ਲਾਗੂ ਕੀਤਾ ਜਾਵੇ, ਪੁਲਸ ਕੇਸ ਵਾਪਸ ਲਏ ਜਾਣ। ਆਗੂਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਲਈ ਮੁਲਾਜ਼ਮਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਆਗੂ ਰਣਜੀਤ ਸਿੰਘ ਰਾਣਵਾਂ, ਮਾਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਮੰਗਵਾਲ, ਹਰਜੀਤ ਸਿੰਘ ਬਾਲੀਆ, ਜੀਤ ਸਿੰਘ ਬੰਗਾਂ, ਸੀਤਾ ਰਾਮ ਸ਼ਰਮਾ, ਸੁਖਦੇਵ ਸਿੰਘ ਚੰਗਾਲੀਵਾਲਾ, ਬਲਵੀਰ ਚੰਦ ਲੌਂਗੋਵਾਲ, ਰਾਣੋ ਖੇਡ਼ੀ ਗਿੱਲਾ, ਜਸਵਿੰਦਰ ਕੌਰ, ਪ੍ਰਤਾਪ ਮਾਂਗਟ, ਰਜਿੰਦਰ ਕੌਰ ਕਾਕਡ਼ਾ, ਅਰਜਨ ਸਿੰਘ, ਹੰਸ ਰਾਜ ਦੀਦਾਰਗਡ਼੍ਹ, ਗੁਰਚਰਨ ਸਿੰਘ ਅਕੋਈ ਸਾਹਿਬ, ਜਰਨੈਲ ਸਿੰਘ ਮਿੱਠੇਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।

Related News