ਕਾਂਗਰਸ ਪਾਰਟੀ ਨਾਲ ਆਪ ਦਾ ਕੋਈ ਗਠਬੰਧਨ ਨਹੀਂ : ਭਗਵੰਤ ਮਾਨ

Monday, Apr 08, 2019 - 04:00 AM (IST)

ਕਾਂਗਰਸ ਪਾਰਟੀ ਨਾਲ ਆਪ ਦਾ ਕੋਈ ਗਠਬੰਧਨ ਨਹੀਂ : ਭਗਵੰਤ ਮਾਨ
ਸੰਗਰੂਰ (ਸ਼ਾਮ)-ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਪਿੰਡ ਢਿੱਲਵਾਂ ਦੇ ਇਕ ਸ਼ੈਲਰ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਕੋਈ ਵੀ ਗਠਬੰਧਨ ਨਹੀਂ ਹੈ, ਇਹ ਸੋਸ਼ਲ ਮੀਡੀਆ ਉੱਤੇ ਸਿਰਫ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਕੀਤੇ ਗਲਤ ਕੰਮਾਂ ਖਿਲਾਫ ਸੀ ਤੇ ਰਹਿਣਗੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਪਰਮਿੰਦਰ ਢੀਂਡਸਾ ਦੀ ਗੱਲ ਕਰਦਿਆਂ ਕਿਹਾ ਕਿ ਵੱਡੇ ਢੀਂਡਸਾ ਸਾਹਿਬ ਤਾਂ ਅਕਾਲੀ ਦਲ ਨੂੰ ਬੇਅਦਬੀ ਮਾਮਲੇ ਅਤੇ ਰਾਮ ਰਹੀਮ ਨੂੰ ਮੁਆਫੀ ਦੇਣ ਖਿਲਾਫ ਬੋਲ ਰਹੇ ਹਨ, ਪਰ ਪਰਮਿੰਦਰ ਸਿੰਘ ਢੀਂਡਸਾ ਸੁਖਬੀਰ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਐਲਾਨੇ ਉਮੀਦਵਾਰ ਜੱਸੀ ਜਸਰਾਜ ਵੱਲੋਂ ਭਗਵੰਤ ਮਾਨ ’ਤੇ ਲਾਏ ਕਰੋਡ਼ਾਂ ਦੇ ਫੰਡਾਂ ਦੀ ਹੇਰ-ਫੇਰ ਦੇ ਦੋਸ਼ਾਂ ਸਬੰਧੀ ਗੱਲ ਕਰਦਿਆਂ ਭਗਵੰਤ ਨੇ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ, ਉਹ ਆਪਣੇ ਪੰਜ ਸਾਲਾਂ ਦੇ ਕੀਤੇ ਕੰਮਾਂ ਨੂੰ ਲੈ ਕੇ ਸੰਗਰੂਰ ਹਲਕੇ ਦੇ ਲੋਕਾਂ ਤੋਂ ਵੋਟ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਪਣੀ ਗੱਡੀ ਭਗਵੰਤ ਮਾਨ ਖੁਦ ਚਲਾ ਕੇ ਲੈ ਕੇ ਆਏ। ਇਸ ਮੌਕੇ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।

Related News