ਸਕੌਡਾ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
Monday, Apr 08, 2019 - 03:59 AM (IST)

ਸੰਗਰੂਰ (ਸਿੰਗਲਾ)- ਪਿੰਡ ਈਸਾਪੁਰ ਲੰਡਾ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਇਕ ਨੌਜਵਾਨ ਦੀ ਰੋਡ ’ਤੇ ਚੱਲਦੀ ਸਕੌਡਾ ਗੱਡੀ ’ਚ ਅਚਾਨਕ ਅੱਗ ਲੱਗਣ ਕਾਰਨ ਗੱਡੀ ਸਡ਼ ਕੇ ਸੁਆਹ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਗਿੱਪੀ ਪੁੱਤਰ ਮੇਵਾ ਸਿੰਘ ਵਾਸੀ ਈਸਾਪੁਰ ਲੰਡਾ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੀ ਉਸ ਨੇ ਉਕਤ ਗੱਡੀ ਮਾਲੇਰਕੋਟਲਾ ਤੋਂ ਖਰੀਦੀ ਸੀ। ਅੱਜ ਉਹ ਮਾਲੇਰਕੋਟਲਾ ਤੋਂ ਆਪਣੇ ਪਿੰਡ ਈਸਾਪੁਰ ਲੰਡਾ ਆ ਰਿਹਾ ਸੀ ਕਿ ਪਿੰਡ ਅਲੀਪੁਰ ਖਾਲਸਾ ਨੇਡ਼ੇ ਰੋਡ ’ਤੇ ਚਲਦੇ ਸਮੇਂ ਗੱਡੀ ’ਚ ਅਚਾਨਕ ਅੱਗ ਲੱਗ ਗਈ ਜਦੋਂ ਉਸ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਹ ਗੱਡੀ ’ਚੋਂ ਛਾਲ ਮਾਰ ਕੇ ਉਤਰ ਗਿਆ ਅਤੇ ਦੇਖਦੇ ਹੀ ਦੇਖਦੇ ਉਸ ਦੀ 2004 ਮਾਡਲ ਗੱਡੀ ਸਡ਼ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਗੱਡੀ 70 ਹਜ਼ਾਰ ਦੀ ਖਰੀਦ ਕੀਤੀ ਸੀ ਅਤੇ ਇਸ ਅਗਨੀ ਕਾਂਡ ’ਚ ਉਸ ਦਾ ਪਰਸ ਜਿਸ ’ਚ ਆਧਾਰ ਕਾਰਡ, ਸ਼ਨਾਖਤੀ ਕਾਰਡ, ਮੋਟਰਸਾਈਕਲ ਦੀ ਕਾਪੀ, ਖਰੀਦ ਦਾ ਐਫੀਡੇਵਿਟ ਆਦਿ ਸਾਮਾਨ ਸਡ਼ ਗਿਆ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਕਣਕ ਦੀ ਫਸਲ ਪੱਕੀ ਹੋਣ ਕਾਰਨ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਗੱਡੀ ਦਾ ਲੋਹਾ ਵੀ ਪਿਘਲ ਗਿਆ।