ਕਾਲਜਾਂ ਅੱਗੇ ਬੱਸਾਂ ਨਾ ਰੁਕਣ ’ਤੇ ਵਿਦਿਆਰਥੀਆਂ ਵੱਲੋਂ ਧਰਨਾ
Saturday, Mar 30, 2019 - 03:56 AM (IST)

ਸੰਗਰੂਰ (ਬੇਦੀ, ਜਨੂਹਾ, ਯਾਦਵਿੰਦਰ, ਹਰਜਿੰਦਰ)-ਅੱਜ ਪੰਜਾਬ ਮੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਮਸਤੂਆਣਾ ਸਾਹਿਬ ਕਾਲਜ ਅੱਗੇ ਬੱਸਾਂ ਨਾ ਰੋਕਣ ਦੇ ਸਬੰਧ ਵਿਚ ਵਿਦਿਆਰਥੀਆਂ ਵੱਲੋਂ ਧਰਨਾ ਲਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ । ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਮੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਮਨਜੀਤ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬਡ਼ੇ ਲੰਮੇ ਸਮੇਂ ਤੋਂ ਬੱਸਾਂ ਸਬੰਧੀ ਸਮੱਸਿਆ ਆ ਰਹੀ ਹੈ, ਜਿਸ ਨੂੰ ਲੈ ਕੇ ਕਈ ਵਾਰੀ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਨੂੰ ਮਿਲਿਆ ਜਾ ਚੁੱਕਿਆ ਹੈ। ਬੇਸ਼ੱਕ ਪੀ. ਆਰ. ਟੀ. ਸੀ. ਸੰਗਰੂਰ ਅਤੇ ਬਰਨਾਲਾ ਡਿਪੂ ਵੱਲੋਂ 19 ਮਾਰਚ ਨੂੰ ਕਾਲਜ ਅੱਗੇ ਬੱਸਾਂ ਰੋਕਣ ਦੇ ਸਬੰਧ ਵਿਚ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਕਾਲਜ ਅੱਗੇ ਬੱਸਾਂ ਨਹੀਂ ਰੁਕਣ ਲੱਗੀਆਂ, ਜਿਸ ਤੋਂ ਤੰਗ ਆ ਕੇ ਵਿਦਿਆਰਥੀਆਂ ਨੇ ਅੱਜ ਧਰਨਾ ਲਾਇਆ। ਧਰਨੇ ਵਾਲੇ ਇਸ ਚੌਕੀ ਬਡਰੁੱਖਾਂ ਦੇ ਅਧਿਕਾਰੀ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਨੇ ਧਮਕਾਇਆ ਕਿ ਤੁਸੀਂ ਨੈਸ਼ਨਲ ਹਾਈਵੇ ਜਾਮ ਕੀਤਾ ਹੈ, ਤੁਹਾਡੇ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਤੁਸੀਂ ਜਲਦੀ ਤੋਂ ਜਲਦੀ ਧਰਨੇ ਨੂੰ ਖਤਮ ਕਰੋ ਤਾਂ ਵਿਦਿਆਰਥੀਆਂ ਨੇ ਮੋਡ਼ਵੇਂ ਰੂਪ ਵਿਚ ਜਵਾਬ ਦਿੰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਅਤੇ ਅਧਿਕਾਰੀਆਂ ਵੱਲੋਂ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ, ਓਨੀ ਦੇਰ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ । ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਤੰਗ ਆ ਕੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ । ਇਸ ਤੋਂ ਬਾਅਦ ਪੀ. ਆਰ. ਟੀ. ਸੀ. ਦੇ ਇੰਸਪੈਕਟਰ ਨੇ ਵਿਸ਼ਵਾਸ ਦਿਵਾਇਆ ਕਿ ਹਰ ਰੋਜ਼ ਸਵੇਰੇ ਅੱਠ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਕਾਲਜ ਅੱਗੇ ਬੱਸਾਂ ਰੁਕਿਆ ਕਰਨਗੀਆਂ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਸਮਾਪਤ ਕੀਤਾ।