ਅੱਖਾਂ ਦੇ ਕੈਂਪ ’ਚ 500 ਮਰੀਜ਼ਾਂ ਦੀ ਜਾਂਚ

Monday, Mar 11, 2019 - 04:01 AM (IST)

ਅੱਖਾਂ ਦੇ ਕੈਂਪ ’ਚ 500 ਮਰੀਜ਼ਾਂ ਦੀ ਜਾਂਚ
ਸੰਗਰੂਰ (ਵਿਵੇਕ ਸਿੰਧਵਾਨੀ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਅਤੇ ਸਮਾਜ ਭਲਾਈ ਕਲੱਬ ਪਿੰਡ ਛੀਨੀਵਾਲ ਕਲਾਂ ਵੱਲੋਂ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ, ਫਤਿਹਗਡ਼੍ਹ ਸਾਹਿਬ ਲੰਗਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 9ਵਾਂ ਸਾਲਾਨਾ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਛੀਨੀਵਾਲ ਕਲਾਂ ਵਿਖੇ ਲਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਚੰਨਣਵਾਲ ਤੋਂ ਐੱਸ. ਜੀ. ਪੀ. ਸੀ. ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ਅਤੇ ਡਾ. ਪ੍ਰਵੀਨ ਕੁਮਾਰ ਸਿੰਗਲਾ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਸੰਤ ਦਲਬਾਰ ਸਿੰਘ ਛੀਨੀਵਾਲ ਨੇ ਪ੍ਰਬੰਧਕਾਂ ਨੂੰ ਇਸ ਕਾਰਜ ਦੀ ਵਧਾਈ ਦਿੰਦਿਆਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਅਜਿਹੇ ਕਾਰਜ ਹੋਰ ਸਮਾਜ ਸੇਵੀ ਕਲੱਬਾਂ ਨੂੰ ਪਿੰਡ-ਪਿੰਡ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਖਾਂ ਦੀ ਰੌਸ਼ਨੀ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਇਕ ਕਾਲੇ ਹਨੇਰੇ ਵਾਂਗ ਹੈ, ਇਸ ਲਈ ਸਾਨੂੰ ਸ਼ੁਰੂ ਤੋਂ ਹੀ ਅੱਖਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰੇਮ ਅੱਖਾਂ ਦਾ ਹਸਪਤਾਲ ਬਰਨਾਲਾ ਅੱਖਾਂ ਦੇ ਮਾਹਰ ਡਾਕਟਰ ਰੁਪੇਸ਼ ਸਿੰਗਲਾ ਅਤੇ ਡਾ. ਪ੍ਰਵੀਨ ਸਿੰਗਲਾ ਨੇ ਕੈਂਪ ’ਚ ਪੁੱਜੇ। ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਚਿੱਟੇ ਮੋਤੀਆ, ਚਿੱਟੇ ਵਾਲ ਹੋਣ ਦਾ ਵੱਡਾ ਕਾਰਨ ਮਨੁੱਖ ਦੀ ਵਧਦੀ ਉਮਰ ਹੈ। 60 ਤੋਂ 70 ਸਾਲ ਦੇ ਵਿਅਕਤੀਆਂ ’ਚ ਚਿੱਟਾ ਮੋਤੀਆ ਉੱਤਰਨ ਕਾਰਨ ਅੱਖਾਂ ਦੀ ਰੌਸ਼ਨੀ ਲਗਾਤਾਰ ਘੱਟਦੀ ਜਾਂਦੀ ਹੈ ਅਤੇ ਸਰੀਰ ਹੋਰ ਕਮਜ਼ੋਰੀ ਵੱਲ ਵਧਦਾ ਹੈ। ਇਸ ਲਈ ਮਨੁੱਖ ਨੂੰ ਚਿੱਟੇ ਮੋਤੀਆ ਅਤੇ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਲਈ ਆਪਰੇਸ਼ਨ ਕਰਵਾ ਕੇ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਬਤੀਤ ਕਰ ਸਕਦੇ ਹਨ। ਉਨ੍ਹਾਂ ਕਲੱਬ ਵੱਲੋਂ ਪਿਛਲੇ 9 ਸਾਲਾਂ ਤੋਂ ਲਗਾਏ ਜਾ ਰਹੇ ਕੈਂਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਰੁਪੇਸ਼ ਸਿੰਗਲਾ ਨੇ ਆਪਣੀ ਟੀਮ ਨਾਲ ਲੋਕਾਂ ਦੀ ਜਾਂਚ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ’ਚ ਪੁੱਜੇ 500 ਮਰੀਜ਼ਾਂ ਦੀ ਜਾਂਚ ਤੋਂ ਬਾਅਦ 100 ਕਰੀਬ ਮਰੀਜ਼ਾਂ ਨੂੰ ਲੈਂਜ਼ ਪਾਉਣ ਲਈ ਚੁਣਿਆ ਗਿਆ ਅਤੇ ਲੋਡ਼ਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।

Related News