ਮੰਗਾਂ ਦੇ ਸਬੰਧ ’ਚ ਕੰਟਰੈਕਟ ਵਰਕਰਾਂ ਆਪਣੇ ਪਰਿਵਾਰਾਂ ਸਮੇਤ ਕੀਤਾ ਰੋਸ ਮਾਰਚ
Monday, Mar 11, 2019 - 04:01 AM (IST)

ਸੰਗਰੂਰ (ਜ਼ਹੂਰ/ਸ਼ਹਾਬੂਦੀਨ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਇਨਲਿਸਟਮੈਂਟ ਪਾਲਸੀ, ਠੇਕੇਦਾਰਾਂ, ਕੰਪਨੀਆਂ ਅਤੇ ਸੋਸਾਇਟੀਆਂ ਆਦਿ ਰਾਹੀਂ ਆਪਣੀਆਂ ਸੇਵਾਵਾਂ ਦੇਣ ਵਾਲੇ ਫੀਲਡ ਤੇ ਦਫਤਰੀ ਠੇਕਾ ਕਰਮਚਾਰੀਆਂ ਨੂੰ ਵਿਭਾਗ ’ਚ ਸ਼ਾਮਲ ਕਰ ਕੇ ਰੈਗੂਲਰ ਕਰਨ ਅਤੇ ਵਰਲਡ ਬੈਂਕ ਦੀ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਕਰਨ ਦੇ ਨਾਂ ’ਤੇ ਨਿੱਜੀਕਰਨ ਕਰਨ ਦੀ ਨੀਤੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਲ ਸਪਲਾਈ ਦੀ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਵਿਧਾਨ ਸਭਾ ਹਲਕਾ ਸ਼ਹਿਰ ਮਾਲੇਰਕੋਟਲਾ ’ਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਅੱਜ ਮਾਲੇਰਕੋਟਲਾ ’ਚ ਰੋਸ ਧਰਨਾ ਦੇ ਕੇ ਸ਼ਹਿਰ ’ਚ ਰੋਸ ਮਾਰਚ ਕੀਤਾ ਗਿਆ, ਜਿਸ ’ਚ ਜਥੇਬੰਦੀ ਦੇ 5 ਜ਼ਿਲਿਆਂ ਤੇ ਕੰਟਰੈਕਟ ਕਾਮੇ ਆਪਣੇ ਪਰਿਵਾਰਾਂ, ਬੱਚਿਆਂ ਸਮੇਤ ਬਸੰਤੀ ਰੰਗ ’ਚ ਸਜ ਕੇ ਸ਼ਾਮਲ ਹੋਏ। ਇਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸਬ-ਕਮੇਟੀ/ਦਫਤਰੀ ਸਟਾਫ ਪ੍ਰਧਾਨ ਸੌਰਵ ਕਿੰਗਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਵੱਲੋਂ ਵਰਲਡ ਬੈਂਕ ਦੀ ਨੀਤੀ ਤਹਿਤ ਪੇਂਡੂ ਜਲ ਘਰਾਂ ਦੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੰਚਾਇਤਾਂ ਨੂੰ ਦੇ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਪਾਣੀ ਦੀ ਬੁਨਿਆਦੀ ਸਹੂਲਤ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਠੇਕਾ ਮੁਲਾਜ਼ਮਾਂ ਦਾ ਰੋਜ਼ਗਾਰ ਖੋਹਣ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਮੁੱਚੇ ਵਰਕਰਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਠੇਕਾ ਕਾਮਿਆਂ ਨੂੰ ਜਲ ਸਪਲਾਈ ਵਿਭਾਗ ’ਚ ਸ਼ਾਮਲ ਕਰਨ ਦਾ ਪ੍ਰਪੋਜ਼ਲ ਕੇਸ ਜਲ ਸਪਲਾਈ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਸੀ, ਜਿਸ ਵਿਚ ਵਿਭਾਗ ਨੇ ਮੰਨਿਆ ਹੈ ਕਿ ਵਿਭਾਗ ਨੂੰ ਸਮੁੱਚੇ ਠੇਕਾ ਕਾਮਿਆਂ ਦੀ ਜ਼ਰੂਰਤ ਹੈ ਪਰ ਇਹ ਕੇਸ ਜਲ ਸਪਲਾਈ ਮੰਤਰੀ ਵੱਲੋਂ ਮਨਜ਼ੂਰ ਕਰ ਕੇ ਕਾਮਿਆਂ ਨੂੰ ਵਿਭਾਗ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਜਦੋਂ ਕਿ ਜਲ ਸਪਲਾਈ ਮੰਤਰੀ ਵੱਲੋਂ ਵਰਲਡ ਬੈਂਕ ਦੀ ਪਾਲਸੀ ਤਹਿਤ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਜੋਂ ਕੰਟਰੈਕਟ ਵਰਕਰ ਸਰਕਾਰ ਅਤੇ ਵਿਭਾਗ ਦੀਆਂ ਲੋਕ ਮਾਰੂ ਫੈਸਲੇ ਦੀਆਂ ਨੀਤੀਆਂ ਨੂੰ ਲਾਗੂ ਨਹੀਂ ਹੋਣ ਦੇਣਗੇ, ਜਿਸ ਤਹਿਤ ਜਥੇਬੰਦੀ ਵੱਲੋਂ ਅੱਜ ਤੋਂ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਦੇ ਹਲਕੇ ਸ਼ਹਿਰ ਮਾਲੇਰਕੋਟਲਾ ਅਤੇ ਵੱਖ-ਵੱਖ ਪਿੰਡਾਂ ’ਚ ਵਰਕਰਾਂ, ਪਰਿਵਾਰਾਂ ਅਤੇ ਬੱਚਿਆਂ ਸਮੇਤ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ 12, 16 ਤੇ 17 ਮਾਰਚ ਨੂੰ ਮਾਲੇਰਕੋਟਲਾ ਹਲਕੇ ਦੇ ਪਿੰਡ ’ਚ ਝੰਡਾ ਮਾਰਚ ਕਰ ਕੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਲੰਮੇ ਜਲ ਸਪਲਾਈ ਸਕੀਮਾਂ ਅਤੇ ਦਫਤਰ ’ਚ ਕੰਮ ਕਰਦੇ ਠੇਕਾ ਕਾਮਿਆਂ ਨੂੰ ਜਲ ਸਪਲਾਈ ਵਿਭਾਗ ’ਚ ਸ਼ਾਮਲ ਕਰ ਕੇ ਰੈਗੂਲਰ ਕੀਤਾ ਜਾਵੇ, ਜਲ ਘਰਾਂ ਨਿੱਜੀਕਰਨ/ਪੰਚਾਇਤੀਕਰਨ ਬੰਦ ਕੀਤਾ ਜਾਵੇ ਸਮੇਤ ਜਥੇਬੰਦੀ ਦੀਆਂ ਸਮੁੱਚੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ, ਨਹੀਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਸੁਰੇਸ਼ ਕੁਮਾਰ ਮੋਹਾਲੀ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਕੁਤਬੇਵਾਲ, ਮੁੱਖ ਸਲਾਹਕਾਰ ਮਲਾਗਰ ਸਿੰਘ ਖਮਾਣੋਂ, ਸੂਬਾ ਖਜ਼ਾਨਚੀ ਜਸਪ੍ਰੀਤ ਸਿੰਘ, ਸਬ-ਕਮੇਟੀ ਖਜ਼ਾਨਚੀ ਸੰਦੀਪ ਕੌਰ, ਸਰਕਲ ਪ੍ਰਧਾਨ ਗੁਰਚਰਨ ਸਿੰਘ, ਨਿਰਮਲ ਸਿੰਘ, ਜ਼ਿਲਾ ਪ੍ਰਧਾਨ ਜੀਤ ਸਿੰਘ ਬਠੋਈ, ਮੇਜਰ ਸਿੰਘ ਮੋਹਾਲੀ, ਜ਼ਿਲਾ ਪ੍ਰਧਾਨ ਜਗਸੀਰ ਸਿੰਘ, ਜ਼ਿਲਾ ਆਗੂ ਸਰਬਜੀਤ ਸਿੰਘ, ਹੰਸਾ ਸਿੰਘ ਅਤੇ ਭਰਾਤਰੀ ਜਥੇਬੰਦੀਆਂ ਤੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਗਗਨਦੀਪ ਸਿੰਘ ਰੌਂਤਾ ਨੇ ਸੰਬੋਧਨ ਕੀਤਾ।