ਮਾਮਲਾ ਪਿੰਡ ਦੁਲਮਾ ਦੇ ਛੱਪਡ਼ ’ਚੋਂ ਮਿਲੀ ਲਾਸ਼ ਦਾ

Tuesday, Feb 26, 2019 - 03:52 AM (IST)

ਮਾਮਲਾ ਪਿੰਡ ਦੁਲਮਾ ਦੇ ਛੱਪਡ਼ ’ਚੋਂ ਮਿਲੀ ਲਾਸ਼ ਦਾ
ਸੰਗਰੂਰ (ਯਾਸੀਨ)-ਅਹਿਮਦਗਡ਼੍ਹ ਸਦਰ ਥਾਣਾ ਵੱਲੋਂ ਇਕ ਰਿਕਸ਼ਾ ਚਾਲਕ ਨੂੰ ਪਿੰਡ ਅਮੀਰਗਡ਼੍ਹ ਦੁਲਮਾਂ ਦੇ ਪੰਜ ਵਿਅਕਤੀਆਂ ਵੱਲੋਂ ਕੀਤੀ ਕੁੱਟ-ਮਾਰ ਕਾਰਨ ਹੋਈ ਮੌਤ ਸਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਪਿੰਡ ਦਲੇਲਗਡ਼੍ਹ ਦੇ ਮਨਸਾ ਖਾਂ ਪੁੱਤਰ ਇਬਰਾਹੀਮ ਵੱਲੋਂ ਦਰਜ ਕਰਵਾਈ ਪੁਲਸ ਕੋਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਸ ਦਾ ਛੋਟਾ ਭਰਾ ਖੁਸ਼ੀ ਮੁਹੰਮਦ ਉਰਫ ਪੱਪਾ (52) ਪੁੱਤਰ ਇਬਰਾਹੀਮ ਵਾਸੀ ਪਿੰਡ ਦਲੇਲਗਡ਼੍ਹ ਜੋ ਕਿ ਮਾਲੇਰਕੋਟਲਾ ਵਿਖੇ ਲੰਬੇ ਅਰਸੇ ਤੋਂ ਰਿਕਸ਼ਾ ਚਲਾਉਂਦਾ ਸੀ ਅਤੇ ਰਾਤ ਨੂੰ ਪਿੰਡ ਵਾਪਸ ਆ ਜਾਂਦਾ ਸੀ ਪਰ ਉਹ ਰੋਜ਼ਾਨਾ ਦੀ ਤਰ੍ਹਾਂ ਮਿਤੀ 10 ਫਰਵਰੀ 2019 ਨੂੰ ਘਰ ਵਾਪਸ ਨਹੀਂ ਆਇਆ ਅਤੇ ਜਦੋਂ ਅਸੀਂ ਅਗਲੇ ਦਿਨ ਭਾਵ 11 ਫਰਵਰੀ ਨੂੰ ਉਸ ਦੀ ਭਾਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਪਿੰਡ ਅਮੀਰਗਡ਼੍ਹ ਦੁਲਮਾ ਦੇ ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਗੁਰਮੇਲ ਸਿੰਘ ਨੇ ਸਾਡੇ ਭਰਾ ਦੀ ਕੁੱਟ-ਮਾਰ ਕੀਤੀ ਹੈ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਸਮੇਤ ਉਸ ਦੇ ਘਰ ਗਏ ਅਤੇ ਸਾਰਾ ਮਾਮਲਾ ਪੁੱਛਿਆ ਤਾਂ ਉਸ ਨੇ ਦੱਸਿਆ ਕਿ 10-11 ਫਰਵਰੀ ਦੀ ਦਰਮਿਆਨੀ ਰਾਤ ਨੂੰ ਕਰੀਬ 1 ਵਜੇ ਇਕ ਵਿਅਕਤੀ ਸਾਡੇ ਘਰ ਆ ਗਿਆ ਸੀ ਤਾਂ ਉਸ ਸਮੇਂ ਮੇਰੇ ਭਰਾ ਜਰਨੈਲ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਰੌਲਾ-ਰੱਪਾ ਸੁਣ ਕੇ ਗੁਆਂਢੀ ਬਲਦੇਵ ਸਿੰਘ ਪੁੱਤਰ ਜਗਰੂਪ ਸਿੰਘ, ਪਰਦੀਪ ਸਿੰਘ ਪੁੱਤਰ ਲੱਖਾ ਸਿੰਘ ਅਤੇ ਬੇਅੰਤ ਸਿੰਘ ਪੁੱਤਰ ਚਰਨ ਸਿੰਘ ਵਾਸੀਆਨ ਪਿੰਡ ਦੁਲਮਾ ਵੀ ਮੌਕੇ ’ਤੇ ਆ ਗਏ ਅਤੇ ਅਸੀਂ ਸਾਰਿਆਂ ਨੇ ਰਲ ਕੇ ਉਸ ਦੀ ਕੁੱਟ-ਮਾਰ ਕੀਤੀ। ਮੁਦੱਈ ਅਨੁਸਾਰ ਜਦੋਂ ਉਨ੍ਹਾਂ ਖੁਸ਼ੀ ਮੁਹੰਮਦ ਦੀ ਫੋਟੋ ਉਨ੍ਹਾਂ ਨੂੰ ਦਿਖਾਈ ਤਾਂ ਉਨ੍ਹਾਂ ਕਿਹਾ ਕਿ ਹਾਂ ਇਹ ਓਹੋ ਹੀ ਵਿਅਕਤੀ ਹੈ। ਇਸ ਤੋਂ ਬਾਅਦ ਉਨ੍ਹਾਂ ਖੁਸ਼ੀ ਮੁਹੰਮਦ ਦੀ ਹੋਰ ਵੀ ਕਈ ਥਾਵਾਂ ’ਤੇ ਆਪਣੇ ਰਿਸ਼ਤੇਦਾਰਾਂ ’ਚ ਭਾਲ ਕੀਤੀ ਪਰ ਉਸ ਦਾ ਕੁੱਝ ਪਤਾ ਨਾ ਲੱਗਾ। ਹੁਣ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਪਿੰਡ ਅਮੀਰਗਡ਼੍ਹ ਦੁਲਮਾ ਦੇ ਛੱਪਡ਼ ’ਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਅਤੇ ਤੁਹਾਡਾ ਭਰਾ ਗੁੰਮ ਹੈ ਬਿਹਤਰ ਹੋਵੇ ਜੇ ਤੁਸੀਂ ਆ ਕੇ ਦੇਖ ਲਵੋਂ। ਨਤੀਜੇ ਵਜੋਂ ਜਦੋਂ ਉਨ੍ਹਾਂ ਜਾ ਕੇ ਦੇਖਿਆ ਉਹ ਖੁਸ਼ੀ ਮੁਹੰਮਦ ਭਾਵ ਉਨ੍ਹਾਂ ਦੇ ਭਰਾ ਦੀ ਹੀ ਲਾਸ਼ ਸੀ, ਜਿਸ ਕਾਰਨ ਮਨਸਾ ਖਾਂ ਪੁੱਤਰ ਇਬਰਾਹੀਮ ਨੇ ਥਾਣਾ ਸਦਰ ਅਹਿਮਦਗਡ਼੍ਹ ਵਿਖੇ ਚਰਨਜੀਤ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ, ਪਰਦੀਪ ਸਿੰਘ ਅਤੇ ਬੇਅੰਤ ਸਿੰਘ ਵਾਸੀਆਨ ਪਿੰਡ ਅਮੀਰਗਡ਼੍ਹ ਦੁੱਲਮਾ ਖਿਲਾਫ ਆਪਣਾ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਮਿਲ ਕੇ ਉਸ ਦੇ ਭਰਾ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰ ਕੇ ਪਿੰਡ ਦੇ ਛੱਪਡ਼ ’ਚ ਸੁੱਟ ਦਿੱਤਾ। ਪੁਲਸ ਨੇ ਮਨਸਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਪੰਜਾਂ ਦੋਸ਼ੀਆਂ ਖਿਲਾਫ ਕਾਨੂੰਨ ਦੀ ਧਾਰਾ 302,149 ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕ ਦੀ ਲਾਸ਼ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਹੋਣ ਉਪਰੰਤ ਵਾਰਸਾਂ ਨੇ ਉਦੋਂ ਤੱਕ ਲਾਸ਼ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਜਦੋਂ ਤੱਕ ਪੁਲਸ ਸਾਰੇ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਲੈਂਦੀ। ਇਸ ਮੌਕੇ ਮ੍ਰਿਤਕ ਦੇ ਵਾਰਸਾਂ ਨੇ ਹਸਪਤਾਲ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ। ਉਨ੍ਹਾਂ ਇਸ ਮੌਕੇ ਪੁਲਸ ’ਤੇ ਢਿੱਲੀ ਕਾਰਵਾਈ ਦਾ ਦੋਸ਼ ਵੀ ਲਾਇਆ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੇ ਵਾਰਸਾਂ ਨੇ ਸਿਵਲ ਹਸਪਤਾਲ ਦੀ ਬਜਾਏ ਸਥਾਨਕ ਟਰੱਕ ਯੂਨੀਅਨ ਵਿਖੇ ਧਰਨਾ ਲਾ ਕੇ ਜਾਮ ਲਗਾ ਦਿੱਤਾ ਸੀ ਅਤੇ ਉਹ ਆਪਣੀ ਪਹਿਲਾਂ ਵਾਲੀ ਮੰਗ ’ਤੇ ਹੀ ਬਜ਼ਿੱਦ ਸਨ। ਅਹਿਮਦਗਡ਼੍ਹ ਸਦਰ ਦੀ ਥਾਣਾ ਇੰਚਾਰਜ ਅਮਨਦੀਪ ਕੌਰ ਨਾਲ ਹੋਈ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਪੁਲਸ ਨੇ ਟੀਮਾਂ ਵੱਖ-ਵੱਖ ਸਾਈਡਾਂ ’ਤੇ ਭੇਜ ਕੇ ਮੁਲਜ਼ਮਾਂ ਦੀ ਭਾਲ ਜਾਰੀ ਰੱਖੀ ਹੋਈ ਹੈ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਮਨਾਉਣ ਦੀ ਕੋਸ਼ਿਸ਼ ਵੀ ਜਾਰੀ ਹੈ।

Related News