ਬਜਟ ''ਚ ਸੰਗਰੂਰ ਲਈ ਮੈਡੀਕਲ ਕਾਲਜ ਤੇ ਬਰਨਾਲਾ ਨੂੰ ਮਿਲਿਆ ਬਿਰਧ ਆਸ਼ਰਮ

02/19/2019 12:47:25 PM

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ 'ਚ ਪੰਜਾਬ ਦਾ 1 ਲੱਖ 58 ਹਜ਼ਾਰ 493 ਕਰੋੜ ਦਾ ਬਜਟ ਪੇਸ਼ ਕੀਤਾ। ਬਜਟ 'ਚ ਕਈ ਲੋਕ ਲੁਭਾਵਣੀਆਂ ਘੋਸ਼ਨਾਵਾਂ ਵੀ ਕੀਤੀਆਂ ਗਈਆਂ। ਪੈਟਰੋਲੀਅਮ ਪਦਾਰਥਾਂ 'ਤੇ ਵੈਟ ਘੱਟ ਕਰ ਕੇ ਵਿੱਤ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਜਿੱਥੇ ਜ਼ਿਲਾ ਸੰਗਰੂਰ ਲਈ ਉਨ੍ਹਾਂ ਨੇ ਮੈਡੀਕਲ ਕਾਲਜ ਖੋਲ੍ਹਣ ਦੀ ਘੋਸ਼ਣਾ ਕੀਤੀ, ਉਥੇ ਬਰਨਾਲਾ ਜ਼ਿਲੇ 'ਚ ਬਿਰਧ ਆਸ਼ਰਮ ਖੋਲ੍ਹਣ ਦਾ ਵੀ ਬਜਟ 'ਚ ਐਲਾਨ ਕੀਤਾ ਗਿਆ। 'ਜਗ ਬਾਣੀ' ਵੱਲੋਂ ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਵੱਖ-ਵੱਖ ਲੋਕਾਂ ਨਾਲ ਬਜਟ ਸਬੰਧੀ ਗੱਲਬਾਤ ਕੀਤੀ ਤਾਂ ਲੋਕਾਂ ਨੇ ਬਜਟ ਸਬੰਧੀ ਮਿਲੀ-ਜੁਲੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ।

ਪੈਟਰੋਲ ਦੀ ਕੀਮਤ  ਘਟਾ ਕੇ  ਲੋਕਾਂ ਦੀ  ਮੰਗ ਕੀਤੀ ਪੂਰੀ :
ਯੂਥ ਕਾਂਗਰਸ ਦੇ ਪ੍ਰਧਾਨ ਡਿੰਪਲ ਉਪਲੀ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੈਟਰੋਲ ਦੀਆਂ ਕੀਮਤਾਂ 'ਤੇ 5 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ 1 ਰੁਪਏ ਦਾ ਵੈਟ ਘਟਾ ਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਇੰਡਸਟਰੀ ਨੂੰ ਮਿਲੇਗੀ ਵੱਡੀ ਰਾਹਤ :
ਜ਼ਿਲਾ ਸੰਗਰੂਰ ਇੰਡਸਟਰੀ ਚੈਂਬਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੀ ਇੰਡਸਟਰੀ ਨੂੰ ਬਿਜਲੀ ਦੇ ਰੇਟ ਘੱਟ ਕਰਨ ਲਈ 1513 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇੰਡਸਟਰੀ ਨੂੰ ਬਿਜਲੀ ਦੇ ਰੇਟ ਘੱਟ ਹੋਣ 'ਤੇ ਇੰਡਸਟਰੀ ਨੂੰ ਵੱਡੀ ਰਾਹਤ ਮਿਲੇਗੀ। ਇੰਡਸਟਰੀ ਪੰਜਾਬ 'ਚ ਪ੍ਰਫੁੱਲਿਤ ਹੋਣ ਨਾਲ ਆਮ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਅਤੇ ਬੇਰੋਜ਼ਗਾਰੀ ਦੀ ਦਰ ਵੀ ਘਟੇਗੀ।

ਮੈਡੀਕਲ ਕਾਲਜ ਇਕ ਵੱਡਾ ਤੋਹਫ਼ਾ :
ਸਨਅਤਕਾਰ ਰਾਜੇਸ਼ ਗਰਗ ਬੱਬੂ  ਨੇ ਕਿਹਾ ਕਿ ਵਿੱਤ ਮੰਤਰੀ ਨੇ   ਸੰਗਰੂਰ 'ਚ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕਰ ਕੇ ਜ਼ਿਲਾ  ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਜ਼ਿਲੇ  'ਚ ਕੋਈ ਵੀ ਮੈਡੀਕਲ ਕਾਲਜ ਨਹੀਂ ਸੀ। ਇਸ ਕਰਕੇ ਜ਼ਿਲੇ  ਦੇ ਲੋਕਾਂ ਨੂੰ ਮੈਡੀਕਲ ਦੀ ਪੜ੍ਹਾਈ ਕਰਨ ਲਈ ਬਾਹਰ ਜਾਣਾ ਪੈਂਦਾ ਸੀ। ਜ਼ਿਲੇ  'ਚ ਮੈਡੀਕਲ ਕਾਲਜ ਖੁੱਲ੍ਹਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ, ਉਥੇ ਜ਼ਿਲਾ  ਸੰਗਰੂਰ ਤਰੱਕੀ ਦੀਆਂ ਲੀਹਾਂ ਵੱਲ ਵਧੇਗਾ।

ਬਜ਼ੁਰਗਾਂ ਦਾ ਰੱਖਿਆ ਖਿਆਲ :
ਵਰੁਣ ਬੱਤਾ ਨੇ ਕਿਹਾ ਕਿ ਬਜਟ 'ਚ ਵਿੱਤ ਮੰਤਰੀ ਨੇ ਬਰਨਾਲਾ 'ਚ ਬਿਰਧ ਆਸ਼ਰਮ ਖੋਲ੍ਹਣ ਦਾ ਐਲਾਨ ਕੀਤਾ ਹੈ। ਬਿਰਧ ਆਸ਼ਰਮ ਖੁੱਲ੍ਹਣ ਨਾਲ ਬਜ਼ੁਰਗਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ। ਬਜ਼ੁਰਗ ਆਸ਼ਰਮ 'ਚ ਆਪਣਾ ਸਮਾਂ ਗੁਜ਼ਾਰ ਕੇ ਆਪਣੀ ਜ਼ਿੰਦਗੀ ਬੜੀ ਆਸਾਨੀ ਨਾਲ ਜੀਅ ਸਕਣਗੇ।

ਸਿੱਖਿਆ ਦੇ ਖੇਤਰ 'ਚ ਹੋਵੇਗਾ ਵੱਡਾ ਸੁਧਾਰ :
ਜ਼ਿਲਾ ਪ੍ਰੀਸ਼ਦ ਮੈਂਬਰ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਪੰਜਾਬ ਦੇ 261 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਪੰਜਾਬ ਵਿਚ ਸਿੱਖਿਆ ਦੇ ਖੇਤਰ 'ਚ ਵੱਡਾ ਸੁਧਾਰ ਹੋਵੇਗਾ। ਪੰਜਾਬ ਦੇ ਵਿਦਿਆਰਥੀਆਂ ਨੂੰ ਹੁਣ ਸਰਕਾਰੀ ਸਕੂਲਾਂ 'ਚ ਵੀ ਵਧੀਆ ਸਿੱਖਿਆ ਮਿਲੇਗੀ। ਵਧੀਆ ਸਿੱਖਿਆ ਮਿਲਣ 'ਤੇ ਵਿਦਿਆਰਥੀ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨਗੇ।

ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਨਹੀਂ ਕੀਤਾ ਕੋਈ ਰੋਡਮੈਪ ਤਿਆਰ :
ਹਲਕਾ ਭਦੌੜ ਦੇ ਇੰਚਾਰਜ ਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਬਜਟ 'ਚ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਰੋਡਮੈਪ ਤਿਆਰ ਨਹੀਂ ਕੀਤਾ ਗਿਆ। ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ।

ਬਜਟ 'ਚ ਜ਼ਿਲਾ ਬਰਨਾਲਾ ਦੇ ਲੋਕਾਂ ਦੇ ਹੱਥ ਲੱਗੀ ਨਿਰਾਸ਼ਾ :
ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਬਜਟ 'ਚ ਜ਼ਿਲਾ  ਬਰਨਾਲਾ ਦੇ ਲੋਕਾਂ ਨੂੰ ਆਸ ਸੀ ਕਿ ਵਿੱਤ ਮੰਤਰੀ ਜ਼ਿਲਾ  ਬਰਨਾਲਾ ਦੇ ਪਿਛੜੇਪਨ ਨੂੰ ਦੇਖਦਿਆਂ ਇੱਥੇ ਕੋਈ ਵੱਡਾ ਇੰਸਟੀਚਿਊੁਟ ਜਾਂ ਕੋਈ ਵੱਡਾ ਹਸਪਤਾਲ ਖੋਲ੍ਹਣ ਦਾ ਐਲਾਨ ਕਰਨਗੇ  ਪਰ ਬਜਟ 'ਚ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਵਿਜ਼ਨ ਵਿੱਤ ਮੰਤਰੀ ਨੇ ਜ਼ਿਲਾ  ਬਰਨਾਲਾ ਲਈ ਨਹੀਂ ਰੱਖੀ। ਨਾ ਤਾਂ ਜ਼ਿਲੇ  'ਚ ਕੋਈ ਵੱਡਾ ਇੰਸਟੀਚਿਊਟ ਹੈ ਨਾ ਹੀ ਕੋਈ ਵੱਡਾ ਹਸਪਤਾਲ। ਇਸ ਕਰਕੇ ਜ਼ਿਲਾ ਬਰਨਾਲਾ ਦੇ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।

ਪੈਨਸ਼ਨ 'ਚ ਵਾਧਾ ਨਾ ਕਰ ਕੇ ਲੋੜਵੰਦਾਂ ਨੂੰ ਵਿੱਤ ਮੰਤਰੀ ਨੇ ਕੀਤਾ ਨਿਰਾਸ਼ :
ਜ਼ਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਸਿਰਫ 750 ਰੁ. ਦੀ ਪੈਨਸ਼ਨ ਦਿੱਤੀ ਜਾ ਰਹੀ ਹੈ। ਜੋ ਕਿ ਅੱਜ ਦੇ ਮਹਿੰਗਾਈ ਦੇ ਯੁੱਗ 'ਚ ਬਹੁਤ ਹੀ ਘੱਟ ਹੈ। ਲੋੜਵੰਦ ਪਰਿਵਾਰਾਂ ਦੇ ਮੁਖੀ ਪੈਨਸ਼ਨ ਰਾਹੀਂ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਉਮੀਦ ਸੀ ਕਿ ਇਸ ਵਾਰ ਪੈਨਸ਼ਨ 'ਚ ਵਾਧਾ ਕੀਤਾ ਜਾਵੇਗਾ ਪਰ ਪੈਨਸ਼ਨ 'ਚ ਵਾਧਾ ਨਾ ਕਰ ਕੇ ਵਿੱਤ ਮੰਤਰੀ ਨੇ ਇਨ੍ਹਾਂ ਲੋਕਾਂ ਨੂੰ ਨਿਰਾਸ਼ ਕੀਤਾ ਹੈ।

cherry

This news is Content Editor cherry