ਅਕਾਲੀ ਦਲ ਵੱਲੋਂ ਮੈਨੂੰ ਅਜੇ ਤੱਕ ਮੁਅੱਤਲੀ ਦਾ ਕੋਈ ਨੋਟਿਸ ਨਹੀਂ ਮਿਲਿਆ : ਪਰਮਿੰਦਰ ਢੀਂਡਸਾ

02/01/2020 9:18:06 AM

ਸ਼ੇਰਪੁਰ/ਸੰਗਰੂਰ (ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਵਿਚ ਬਾਦਲਾਂ ਵੱਲੋਂ ਕੀਤੀਆਂ ਜਾਂਦੀਆਂ ਮਨਮਰਜ਼ੀਆਂ ਦੇ ਖਿਲਾਫ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਵਿਚ ਰਹਿ ਕੇ ਸ਼ੁਰੂ ਕੀਤੀ ਸਿਧਾਂਤਕ ਸਿਆਸੀ ਜੰਗ 'ਚ ਜ਼ਿਲਾ ਸੰਗਰੂਰ ਅਤੇ ਬਰਨਾਲਾ ਅੰਦਰ ਲਗਾਤਾਰ ਢੀਂਡਸਾ ਪਰਿਵਾਰ ਆਪਣਾ ਪੱਲੜਾ ਭਾਰੀ ਕਰਦਾ ਨਜ਼ਰ ਆ ਰਿਹਾ ਹੈ। ਵਿਧਾਨ ਸਭਾ ਹਲਕਾ ਪੱਧਰ 'ਤੇ ਢੀਂਡਸਾ ਪਰਿਵਾਰ ਦੇ ਸਮਰਥਕਾਂ ਵੱਲੋਂ ਸ਼ੁਰੂ ਕੀਤੇ ਭਰਵੇਂ ਇਕੱਠਾਂ ਦੀ ਲੜੀ 'ਚ ਹਲਕਾ ਮਹਿਲ ਕਲਾਂ ਵਿਖੇ ਅਕਾਲੀ ਦਲ ਦੇ ਸਿਰਕੱਢ ਆਗੂਆਂ ਦਾ ਇਕ ਭਰਵਾਂ ਇਕੱਠ ਹੋਇਆ, ਜਿਸ 'ਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ 'ਤੇ ਪੁੱਜੇ।

ਉਨ੍ਹਾਂ ਅਕਾਲੀ ਦਲ ਦੇ ਆਗੂਆਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਲੜਾਈ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਹੀਂ ਬਲਕਿ ਆਪਣੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਹੈ। ਪਾਰਟੀ ਦੇ ਸਿਧਾਂਤ ਅਨੁਸਾਰ ਰਾਜ ਸੱਤਾ ਧਰਮ ਦੀ ਅਗਵਾਈ ਹੇਠ ਚੱਲਣਾ ਚਾਹੀਦਾ ਹੈ, ਇਸ ਲਈ ਸਾਡੇ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਹਿਮ ਹਨ, ਅਸੀਂ ਚਾਹੁੰਦੇ ਹਾਂ ਕਿ ਐੱਸ. ਜੀ. ਪੀ. ਸੀ. ਚੋਣਾਂ 'ਚ ਚੰਗੇ ਬੰਦੇ ਚੁਣ ਕੇ ਭੇਜੇ ਜਾਣ। ਉਨ੍ਹਾਂ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨਹੀਂ ਬਲਕਿ ਸਿਧਾਂਤਾਂ ਨਾਲ ਜੁੜੇ ਹੋਏ ਹਨ, ਸਿਧਾਂਤਾਂ ਤੋਂ ਥਿੜਕਣ ਕਰਕੇ ਹੀ ਅੱਜ ਲੋਕ ਸ਼੍ਰੋਮਣੀ ਅਕਾਲੀ ਨਾਲੋਂ ਟੁੱਟੇ ਹਨ। ਢੀਂਡਸਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿਹੜੇ ਹਿੱਤਾਂ ਲਈ ਲੋਕਾਂ ਦੀ ਅਗਵਾਈ ਕਰਨ ਲਈ ਮੈਦਾਨ 'ਚ ਆਏ ਹਨ, ਉਹ ਉਸ ਤੋਂ ਇੰਚ ਵੀ ਪਿੱਛੇ ਨਹੀਂ ਹਟਣਗੇ।

ਉਨ੍ਹਾਂ ਕਿਹਾ ਕਿ ਜਿਹੜੇ ਨੋਟਿਸ ਦਾ 15 ਦਿਨਾਂ 'ਚ ਜਵਾਬ ਦੇਣ ਦੀ ਗੱਲ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਮੁਅੱਤਲ ਕੀਤਾ ਗਿਆ ਹੈ, ਸੱਚ ਜਾਣਿਓ ਉਹ ਨੋਟਿਸ ਸਾਨੂੰ 15 ਦਿਨ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਨਹੀਂ ਮਿਲਿਆ ਕਿਉਂਕਿ ਅਸੀਂ ਪਾਰਟੀ ਦੇ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਉਸ ਨੋਟਿਸ ਦਾ ਜਵਾਬ ਦੇਣਾ ਹੈ, ਜਿਸ ਨੂੰ ਸੁਣਨ ਦੀ ਉਨ੍ਹਾਂ ਕੋਲ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕਿਆ ਸ਼੍ਰੋਮਣੀ ਅਕਾਲੀ ਦਲ ਗਲਤੀ 'ਤੇ ਗਲਤੀ ਕਰ ਰਿਹਾ ਹੈ।

ਇਸ ਮੌਕੇ ਮਹਿਲ ਕਲਾਂ ਵਿਖੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਵਾਈਸ ਚੇਅਰਮੈਨ ਅਤੇ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਰੂਬਲ ਗਿੱਲ ਕੈਨੇਡਾ ਤੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਚੀਨਾ ਦੀ ਅਗਵਾਈ ਹੇਠ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਰਜਿੰਦਰ ਸਿੰਘ ਕਾਂਝਲਾ, ਯੂਥ ਆਗੂ ਹਰਦੇਵ ਸਿੰਘ ਜਵੰਧਾ, ਗੁਰਜੀਤ ਸਿੰਘ ਖੰਨਾ, ਕਰਨੈਲ ਸਿੰਘ ਠੁੱਲੀਵਾਲ, ਜਗਰਾਜ ਸਿੰਘ ਰਾਜਾ ਬੀਹਲਾ ਆਦਿ ਹਾਜ਼ਰ ਸਨ।

cherry

This news is Content Editor cherry