ਘੱਗਰ ਦਰਿਆ ਹੋਇਆ ਜ਼ਹਿਰੀਲਾ, ਬੀਮਾਰੀਆਂ ਦੀ ਲਪੇਟ ''ਚ ਲੋਕ

07/03/2019 10:28:56 AM

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਹਰਿਆਣਾ ਬਾਰਡਰ ਨਾਲ ਲੱਗਦੇ ਘੱਗਰ ਦਾ ਪ੍ਰਕੋਪ ਆਲੇ-ਦੁਆਲੇ ਦੇ ਪਿੰਡਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਘੱਗਰ ਦਰਿਆ 'ਚ ਬਹਿਣ ਵਾਲੇ ਗੰਦੇ ਪਾਣੀ ਦੇ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਚਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਘੱਗਰ ਦਾ ਗੰਦਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਜਿਸ ਕਾਰਨ ਲੋਕ ਬੀਮਾਰੀਆਂ ਦੀ ਜਕੜ 'ਚ ਆ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਇਸ ਸਮੱਸਿਆ ਨੂੰ ਲੈ ਕੇ ਦਰਖਾਸਤਾਂ ਦੇ ਚੁੱਕੇ ਹਨ ਪਰ ਹੱਲ ਅੱਜ ਤੱਕ ਨਹੀਂ ਹੋਇਆ ਹੈ। 

ਨਿਰੋਆ ਮੰਚ ਪੰਜਾਬ ਦੀ ਟੀਮ ਵਲੋਂ ਇਥੋਂ ਦਾ ਦੌਰਾ ਕੀਤਾ ਗਿਆ। ਟੀਮ ਦੇ ਮੈਂਬਰਾਂ ਮੁਤਾਬਕ ਇਥੇ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਤੇ ਪਾਣੀ ਨੂੰ ਸਾਫ ਕਰ ਲਿਆ ਜਾਂਦਾ ਹੈ ਪਰ ਫਿਰ ਉਸ ਪਾਣੀ ਨੂੰ ਘੱਗਰ ਦਰਿਆ 'ਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਟ੍ਰੀਟ ਕੀਤੇ ਜਾ ਰਿਹਾ ਪਾਣੀ ਕਿਸਾਨਾਂ ਨੂੰ ਦਿੱਤਾ ਜਾਵੇ। 

ਇਸ ਮਾਮਲੇ 'ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਜ਼ਿਲੇ 'ਚ ਅਜਿਹਾ ਕੋਈ ਵੀ ਪੁਆਇੰਟ ਨਹੀਂ ਹੈ, ਜਿਥੋਂ ਇੰਡਸਟਰੀ ਦਾ ਗੰਦਾ ਪਾਣੀ ਘੱਗਰ 'ਚ ਪਾਇਆ ਜਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਘੱਗਰ ਹਰਿਆਣਾ ਤੋਂ ਹੋ ਕੇ ਆਉਂਦਾ ਹੈ ਤੇ ਅਸੀਂ ਆਪਣੇ ਲੈਵਲ 'ਤੇ ਹਰਿਆਣਾ ਅੰਬਾਲਾ ਤੇ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਰੇ ਲਿਖ ਰਹੇ ਹਾਂ ਤਾਂ ਕਿ ਉਹ ਵੀ ਜਾਂਚ ਕਰਵਾ ਸਕਣ। 

Baljeet Kaur

This news is Content Editor Baljeet Kaur