ਸਿੱਖਿਆ ਵਿਭਾਗ ਨੇ ਸਕੂਲਾਂ ਦਾ ਨਾਂ ਬਦਲ ਕੇ ਨਾਮਵਰ ਸ਼ਖ਼ਸੀਅਤਾਂ ਦੇ ਨਾਮ ''ਤੇ ਰੱਖਿਆ

07/05/2019 12:02:04 PM

ਸੰਗਰੂਰ (ਯਾਦਵਿੰਦਰ) : ਪੰਜਾਬ ਦੀਆਂ ਕੁਝ ਨਾਮਵਰ ਸ਼ਖ਼ਸੀਅਤਾਂ ਦੇ ਨਾਮ 'ਤੇ ਸਿੱਖਿਆ ਵਿਭਾਗ ਨੇ ਕੁਝ ਸਕੂਲਾਂ ਦੇ ਨਾਮ ਰੱਖ ਕੇ ਇਨ੍ਹਾਂ ਮਾਣਮੱਤੀ ਸ਼ਖ਼ਸੀਅਤਾਂ ਨੂੰ ਮਾਣ ਦਿੱਤਾ ਹੈ। ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਸੈ.ਸਿ.) ਵਲੋਂ ਇਸ ਬਾਬਤ ਜਾਰੀ ਕੀਤੇ ਹੁਕਮਾਂ ਤਹਿਤ ਜ਼ਿਲਾ ਸੰਗਰੂਰ ਦੇ ਤਿੰਨ ਅਤੇ ਇਕ ਗੁਰਦਾਸਪੁਰ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਨਾਮ ਤਬਦੀਲ ਕੀਤੇ ਹਨ। ਜ਼ਿਲਾ ਸੰਗਰੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਦਾ ਨਾਮ ਹੁਣ ਇਲਾਕੇ ਦੇ ਨਾਮਵਰ ਕਾਮਰੇਡ ਮਰਹੂਮ ਭੀਮ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਹੈ ਤੇ ਹੁਣ ਉਕਤ ਸਕੂਲ ਦਾ ਨਾਮ ਕਾਮਰੇਡ ਭੀਮ ਸਿੰਘ ਦਿੜ੍ਹਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੋ ਗਿਆ ਹੈ। ਦੱਸਣਯੋਗ ਹੈ ਕਿ ਕਾਮਰੇਡ ਭੀਮ ਸਿੰਘ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਤੇ ਘਰ ਸਕੂਲ ਨੂੰ ਜਿਥੇ ਦਾਨ ਦਿੱਤਾ ਸੀ।

ਇਸ ਤੋਂ ਇਲਾਵਾ ਸੰਗਰੂਰ ਸ਼ਹਿਰ ਅੰਦਰ ਸਥਿਤ ਸਰਕਾਰੀ ( ਕੰ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦਾ ਨਾਮ ਵੀ ਬਦਲ ਕੇ ਹੁਣ ਸਵ: ਮਦਨ ਸਿੰਘ ਕਪੂਰ ਸਰਕਾਰੀ (ਕੰ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਰੱਖਣ ਤੋਂ ਇਲਾਵਾ ਸੰਗਰੂਰ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰ) ਸੰਗਰੂਰ ਦਾ ਨਾਮ ਵੀ ਤਬਦੀਲ ਕਰਕੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਪਾਉਣ ਵਾਲੇ ਆਜ਼ਾਦੀ ਘੁਲਾਟੀਏ ਦੇ ਨਾਮ 'ਤੇ ਸੁਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ (ਮੁੰ) ਸੰਗਰੂਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲਾ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਰਾਏਚੱਕ ਦੇ ਸਰਕਾਰੀ ਹਾਈ ਸਕੂਲ ਦਾ ਨਾਮ ਵੀ ਦੇਸ਼ ਲਈ ਸ਼ਹੀਦ ਹੋਏ ਸ਼ਹੀਦ ਪਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਰਾਏਚੱਕ ਰੱਖਿਆ ਗਿਆ ਹੈ। ਸੂਬੇ ਦੇ ਚਾਰ ਸਕੂਲਾਂ ਦੇ ਨਾਮ ਨਾਮਵਰ ਸ਼ਖ਼ਸੀਅਤਾਂ ਦੇ ਨਾਮ 'ਤੇ ਰੱਖਣ 'ਤੇ ਸੀਨੀਅਰ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ, ਮੈਡਮ ਪੂਨਮ ਕਾਂਗੜਾ, ਗੁਰਸੇਵ ਸਿੰਘ ਮਾਨ ,ਗੋਰਵ ਸਿੰਗਲਾ ਆਦਿ ਨੇ ਸੁਆਗਤ ਕੀਤਾ ਹੈ।

cherry

This news is Content Editor cherry