ਸਿੱਖ ਕਾਰਕੁਨਾਂ ''ਤੇ ਇਰਾਦਾ ਕਤਲ ਦੀ ਧਾਰਾ ਲਗਾਉਣਾ ਬਾਦਲਾਂ ਤੇ ਕੈਪਟਨ ਦੀ ਚਾਲ :ਖਹਿਰਾ

10/25/2018 6:25:42 PM

ਸੰਗਰੂਰ(ਬੇਦੀ)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਕਰਕੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਸਿੱਖ ਕਾਰਕੁਨਾਂ ਵੱਲੋਂ ਸੰਗਰੂਰ ਵਿਖੇ ਸੁੱਟੀ ਜੁੱਤੀ ਦੇ ਮਾਮਲੇ ਵਿਚ ਮੁਲਜ਼ਮਾਂ 'ਤੇ ਧਾਰਾ 307 ਲਾਉਣ ਦਾ ਮਾਮਲਾ ਹੁਣ ਭਖਦਾ ਹੀ ਜਾ ਰਿਹਾ ਹੈ। ਵੱਖ-ਵੱਖ ਸਿਆਸੀ ਧਿਰਾਂ ਤੇ ਸਿੱਖ ਜਥੇਬੰਦੀਆਂ ਵਿਚ ਇਸ ਕੇਸ 'ਚ ਇਰਾਦਾ ਕਤਲ ਦੀ ਧਾਰਾ ਜੋੜਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਅੱਜ 'ਆਪ' ਦੇ ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੀ ਇਥੇ ਜੇਲ ਵਿਚ ਬੰਦ ਸਿੱਖ ਕਾਰਕੁਨਾਂ ਨਾਲ ਮੁਲਾਕਾਤ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬੇਅਦਬੀ ਨੂੰ ਲੈ ਕੇ ਰੋਸ ਪ੍ਰਦਸਰਸ਼ਨ ਕਰ ਰਹੇ ਸਿੱਖ ਕਾਰਕੁਨਾਂ ਵੱਲੋਂ ਸੁਖਬੀਰ ਦੀ ਗੱਡੀ ਵੱਲ ਜੁੱਤੀ ਸੁੱਟਣ ਦੇ ਮਾਮਲੇ ਵਿਚ ਇਨ੍ਹਾਂ 'ਤੇ ਇਰਾਦਾ ਕਤਲ ਦੀ ਧਾਰਾ ਲਗਾਉਣਾ ਇਹ ਸਾਬਿਤ ਕਰਦਾ ਹੈ ਕਿ ਬਾਦਲ ਤੇ ਕੈਪਟਨ ਦੀ ਆਪਸੀ ਸਾਂਝ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖ ਕਾਰਕੁਨਾਂ 'ਤੇ ਲੱਗੀ 307 ਧਾਰਾ ਹਟਾਉਣ ਲਈ ਉਨ੍ਹਾਂ ਵਲੋਂ ਤੇ ਲੋਕ ਇਨਸਾਫ ਪਾਰਟੀ ਤੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਐੱਸ. ਐੱਸ. ਪੀ. ਸੰਗਰੂਰ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਲੋਕ ਇਨਸਾਫ ਪਾਰਟੀ ਦੇ ਸਕੱਤਰ ਜਨਰਲ ਜਸਵੰਤ ਸਿੰਘ ਗੱਜਣਮਾਜਰਾ, ਭਦੌੜ ਤੋਂ 'ਆਪ' ਵਿਧਾਇਕ ਪਿਰਮਲ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਬਾਜਵਾ, ਹਰਦੀਪ ਸਿੰਘ ਭਰੂਰ, ਕੁਲਵਿੰਦਰ ਸਤੌਜ, ਸ਼ੇਰ ਸਿੰਘ ਤੋਲਾਵਾਲ, ਈਸ਼ਰ ਸਿੰਘ ਫੌਜੀ ਤੇ ਅਕਾਲੀ ਦਲ ਅਮ੍ਰਿਤਸਰ ਦਾ ਸੂਬਾਈ ਆਗੂ ਜਥੇਦਾਰ ਗੁਰਨੈਬ ਸਿੰਘ ਆਦਿ ਹਾਜ਼ਰ ਸਨ।

ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਸਕੱਤਰ ਜਨਰਲ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਦੱਸਿਆ ਕਿ 29 ਅਕਤੂਬਰ ਨੂੰ 11 ਵਲੰਟੀਅਰ ਧਰਨੇ 'ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਕਰਕੇ ਸਿੱਖ ਸੰਗਤ ਵਿਚ ਗੁੱਸਾ ਹੈ। ਪਾਰਟੀ ਵੱਲੋਂ ਸੰਗਰੂਰ ਦੇ ਸੀਨੀਅਰ ਪੁਲਸ ਕਪਤਾਨ ਨਾਲ ਮੁਲਾਕਾਤ ਕਰਕੇ ਧਾਰਾ 307 ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਸੀ, ਪਰ ਹਫ਼ਤਾ ਬੀਤਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ।