ਕੈਨੇਡਾ 'ਚ ਇਸ ਪੰਜਾਬੀ ਦੀ ਜਾਇਦਾਦ ਹੋਈ ਕੁਰਕ, ਕੀਤੀ ਸੀ ਇਹ ਗਲਤੀ (ਤਸਵੀਰਾਂ)

09/01/2017 3:28:17 PM

ਵੈਨਕੂਵਰ — ਬਹੁਤ ਸਾਰੇ ਪੰਜਾਬੀ ਕੈਨੇਡਾ ਗਏ ਹੋਏ ਹਨ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣੇ ਹੋਏ ਹਨ। ਕੁੱਝ ਕੁ ਗਲਤ ਲੋਕਾਂ ਕਾਰਨ ਪੰਜਾਬੀ ਭਾਈਚਾਰੇ ਦਾ ਨਾਂ ਅਪਰਾਧਕ ਸੂਚੀ 'ਚ ਆਉਂਦਾ ਰਹਿੰਦਾ ਹੈ। ਇਸ ਕਾਰਨ ਸਾਰੇ ਪੰਜਾਬੀ ਭਾਈਚਾਰੇ ਦਾ ਸਿਰ ਨੀਂਵਾਂ ਹੋ ਰਿਹਾ ਹੈ। ਕੁੱਝ ਸਾਲ ਪਹਿਲਾਂ ਡਰੱਗਜ਼ ਵੇਚ ਕੇ, ਚੋਰੀ ਕਰਕੇ ਅਤੇ ਹੋਰ ਅਪਰਾਧਾਂ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਰਹੇ ਊਧਮ ਸੰਘੇੜਾ ਦਾ ਪਰਿਵਾਰ ਆਪਣੀ ਜਾਇਦਾਦ ਨੂੰ ਸਰਕਾਰੀ ਹੱਥਾਂ ਵਿੱਚ ਜਾਣ ਤੋਂ ਬਚਾਉਣ ਦੀ ਆਖ਼ਰੀ ਲੜਾਈ ਵੀ ਹਾਰ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।


ਸਰਕਾਰ ਨੇ ਉਨ੍ਹਾਂ ਦੇ ਦੱਖਣੀ ਵੈਨਕੂਵਰ ਸਥਿਤ ਤਕਰੀਬਨ 45 ਲੱਖ ਡਾਲਰ ਦੀ ਕੀਮਤ ਵਾਲੇ ਤਿੰਨ ਘਰਾਂ ਨੂੰ ਇਸ ਅਧਾਰ ਉੱਤੇ ਕੁਰਕ (ਜ਼ਬਤ) ਕਰ ਲਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਘਰ ਗੈਰ-ਕਨੂੰਨੀ ਕੰਮਾਂ 'ਚੋਂ ਹੋਈ ਕਮਾਈ ਨਾਲ ਬਣੇ ਹਨ। ਸੰਘੇੜਾ ਪਰਿਵਾਰ ਆਪਣੀ ਜਾਇਦਾਦ ਬਚਾਉਣ ਲਈ ਕਨੂੰਨੀ ਲੜਾਈ ਲੜ ਰਿਹਾ ਸੀ ਪਰ ਸਫਲ ਨਹੀ ਹੋ ਸਕਿਆ। ਇਹ ਜਾਇਦਾਦ ਦੋ ਸਾਲ ਪਹਿਲਾਂ ਕੁਰਕ ਹੋਈ ਸੀ ਪਰ ਸੰਘੇੜਾ ਪਰਿਵਾਰ ਨੇ ਚੱਲਦੇ ਮਾਮਲੇ 'ਚੋਂ ਕੁਝ ਨੁਕਤੇ ਉਠਾ ਕੇ ਰਾਹਤ ਲੈਣ ਦਾ ਯਤਨ ਕੀਤਾ ਪਰ ਬੀ.ਸੀ. ਸੁਪਰੀਮ ਕੋਰਟ ਦੇ ਜੱਜ ਵਲੋਂ ਉਨ੍ਹਾਂ ਦੀ ਦਲੀਲ ਨੂੰ ਖਾਰਜ ਕਰ ਦਿੱਤਾ ਗਿਆ।


ਊਧਮ ਸੰਘੇੜਾ ਦੀ ਪਤਨੀ ਜਸਪਾਲ ਸੰਘੇੜਾ ਦਾ ਕਹਿਣਾ ਸੀ ਕਿ ਤਿੰਨੇ ਘਰ ਉਸ ਦੇ ਹੀ ਹਨ ਅਤੇ ਇਹ ਉਸ ਦੀ ਕਮਾਈ ਵਿੱਚੋਂ ਬਣਾਏ ਗਏ ਹਨ ਪਰ ਜੱਜ ਨੇ ਇਸਤਗਾਸਾ ਦਾ ਪੱਖ ਮੰਨਿਆ ਕਿ ਉਨ੍ਹਾਂ ਘਰਾਂ ਨੂੰ ਡਰੱਗ ਤਸਕਰੀ, ਮਾਰੂ ਹਥਿਆਰਾਂ ਦਾ ਭੰਡਾਰ ਕਰਨ ਅਤੇ ਚੋਰੀ ਕੀਤਾ ਸਾਮਾਨ ਛਪਾਉਣ ਲਈ ਵਰਤਿਆ ਜਾਂਦਾ ਸੀ, ਇਸ ਕਰਕੇ ਸਰਕਾਰ ਇੰਨ੍ਹਾਂ ਨੂੰ ਕਬਜ਼ੇ 'ਚ ਕਰ ਸਕਦੀ ਹੈ।
ਕੁਝ ਮਹੀਨੇ ਪਹਿਲਾਂ ਹੀ ਇੰਨ੍ਹਾਂ ਘਰਾਂ ਦੇ ਅੱਗੇ ਮਾਰੇ ਗਏ ਦੋ ਨੌਜਵਾਨਾਂ 'ਚ ਊਧਮ ਸੰਘੇੜਾ ਦਾ ਭਤੀਜਾ ਨਵਦੀਪ ਵੀ ਸ਼ਾਮਲ ਸੀ। ਇੰਨ੍ਹਾਂ ਕਤਲਾਂ ਦੇ ਦੋਸ਼ 'ਚ ਅਜੇ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀ ਕੀਤਾ ਗਿਆ ਅਤੇ ਜਾਂਚ ਚੱਲ ਰਹੀ ਹੈ।