ਗੁਰੂ ਨਗਰੀ ਦੀਆਂ ਸੰਗਤਾਂ ਵੀ ਕਿਸਾਨਾਂ ਦੇ ਹੱਕ ''ਚ ਡਟੀਆਂ

12/14/2020 2:22:07 PM

ਅੰਮ੍ਰਿਤਸਰ (ਛੀਨਾ) : ਖੇਤੀਬਾੜੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਹੱਡ-ਚੀਰਵੀਂ ਠੰਡ ਦੌਰਾਨ ਪਰਿਵਾਰਾਂ ਸਮੇਤ ਸੜਕਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਮਹਾਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦੀ ਪ੍ਰੇਰਣਾ ਅਤੇ ਸਹਿਯੋਗ ਸਦਕਾ ਅੱਜ ਗੁਰੂ ਨਗਰੀ ਦੀਆਂ ਵੱਡੀ ਗਿਣਤੀ ਸਭਾ-ਸੋਸਾਇਟੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੰਤ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਕਿ ਖੇਤੀਬਾੜੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀ ਕੇਂਦਰ ਸਰਕਾਰ ਨੂੰ ਗੱਲ ਸੁਣਨੀ ਚਾਹੀਦੀ ਹੈ ਅਤੇ ਇਹ ਤਿੰਨੇ ਕਾਨੂੰਨ ਰੱਦ ਕਰ ਕੇ ਕਿਸਾਨਾਂ ਨੂੰ ਰਾਹਤ ਪਹੁੰਚਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੋਰ ਦੁਖਦਾਈ ਗੱਲ ਕੀ ਹੋ ਸਕਦੀ ਹੈ ਕਿ ਅੱਜ ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹੱਕਾਂ ਲਈ ਸੜਕਾਂ 'ਤੇ ਰੁਲ ਰਿਹਾ ਹੈ ਅਤੇ ਹਾਕਮ ਸਰਕਾਰ ਉਨ੍ਹਾਂ ਪ੍ਰਤੀ ਅਵੇਸਲੀ ਹੋਈ ਬੈਠੀ ਹੈ।

ਇਹ ਵੀ ਪੜ੍ਹੋ : ਮੋਦੀ ਨਾਲ ਸਿਆਸੀ ਪੇਚ ਫਸਾਉਣ ਦੇ ਮੂਡ 'ਚ ਕਿਸਾਨ, ਮੋਰਚੇ 'ਚ ਹੋ ਸਕਦੈ 'ਨਵੀਂ ਪਾਰਟੀ' ਦਾ ਐਲਾਨ

ਇਸ ਮੌਕੇ ਬਾਬਾ ਅਵਤਾਰ ਸਿੰਘ ਭੂਰੀ ਵਾਲੇ, ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਡੇਰਾ ਬਾਬਾ ਭੂਰੀ ਵਾਲਾ ਦੇ ਮੁੱਖ ਬੁਲਾਰੇ ਰਾਮ ਸਿੰਘ ਭਿੰਡਰ, ਸ਼ਹੀਦ ਬਾਬਾ ਦੀਪ ਸਿੰਘ ਵਾਤਾਵਰਣ ਸੰਭਾਲ ਸੰਸਥਾ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ, ਧੰਨ-ਧੰਨ ਬਾਬਾ ਬੁੱਢਾ ਜੀ ਸੇਵਾ ਸੋਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਜੋੜਾ ਫਾਟਕ, ਸ੍ਰੀ ਗੁਰੂ ਰਾਮਦਾਸ ਬਲੱਡ ਡੋਨੇਸ਼ਨ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਠਾੜੂ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਸੇਵਕ ਸਭਾ ਦੇ ਪ੍ਰਧਾਨ ਸਰਬਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਭਾਜਪਾ ਲਈ ਆਈ ਇਕ ਹੋਰ ਬੁਰੀ ਖ਼ਬਰ

Anuradha

This news is Content Editor Anuradha