ਮੌਸਮ ਦਾ ਬਦਲਿਆ ਮਿਜਾਜ਼ ਪਰ ਪੁਲਸ ਦਾ ਨਹੀਂ, ਸੱਚਖੰਡ ਦਰਸ਼ਨਾਂ ਲਈ ਆਈ ਸੰਗਤ ਨਾਕੇ ਦੇਖ ਪਰਤੀਆਂ ਵਾਪਸ

05/04/2020 8:03:14 PM

ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਬੱਦਲਵਾਹੀ ਅਤੇ ਬਾਰਸ਼ ਦੀਆਂ ਹਲਕੀਆਂ ਹਲਕੀਆਂ ਬੂੰਦਾਂ ਪੈਂਦਿਆਂ ਮੌਸਮ ਦਾ ਮਿਜਾਜ ਬਦਲਦਿਆਂ ਹੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾ ਲਈ ਆਈਆਂ ਪਰ ਇਸ ਦਰਮਿਆਨ ਪੁਲਸ ਦਾ ਮਿਜਾਜ਼ ਬਦਲਦਾ ਨਹੀਂ ਦੇਖਿਆ ਗਿਆ। ਸੰਗਤਾਂ ਘੰਟਿਆਂ ਬੱਧੀ ਨਾਕਿਆਂ 'ਤੇ ਖੜ੍ਹੀਆਂ ਰਹੀਆਂ ਪਰ ਨਿਰਾਸ਼ ਹੋ ਕੇ ਹੀ ਪਰਤਦੀਆਂ ਦਿਖਾਈ ਦਿੱਤੀਆਂ। ਇਸ ਬੱਦਲਵਾਹੀ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਜ਼ਾਰਾ ਵੀ ਅਲੌਕਿਕ ਲੱਗਿਆ।

ਅੰਮ੍ਰਿਤ ਵੇਲੇ ਕਿਵਾੜ ਖੁਲ੍ਹਦਿਆਂ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਰਾਗੀ ਸਿੰਘਾਂ ਵੱਲੋਂ ਆਸਾ ਜੀ ਦੀ ਵਾਰ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਪਰੰਤ ਸੁਨਹਿਰੀ ਪਾਲਕੀ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸੰਗਤਾਂ ਵੱਲੋਂ ਗੁਰਬਾਣੀ ਜੱਸ ਗਾਇਣ ਕਰਦਿਆਂ ਅਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਗ੍ਰੰਥੀ ਸਿੰਘ ਵੱਲੋਂ ਪ੍ਰਕਾਸ਼ਮਾਨ ਕੀਤਾ ਗਿਆ। ਸਾਰਾ ਦਿਨ ਗੁਰਬਾਣੀ ਦਾ ਨਿਰਬਾਹ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਅਤੇ ਰਾਤ ਵੇਲੇ ਸੁਖਆਸਨ ਕਰ ਦਿੱਤਾ ਗਿਆ। ਇਸ ਉਪਰੰਤ ਸੰਗਤਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ਼ਨਾਨ ਦੀ ਸੇਵਾ ਦੀ ਆਰੰਭਤਾ ਸ਼ੁਰੂ ਕਰ ਦਿੱਤੀ ਗਈ।

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਐਡ. ਹੈਡ ਗ੍ਰੰਥੀ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ  
ਅੰਮ੍ਰਿਤ ਵੇਲੇ ਦੀ ਮਰਯਾਦਾ ਅਨੁੰਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਕੀਰਤਨ ਦੇ ਭੋਗ ਉਪਰੰਤ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਐਡੀ. ਹੈਡ ਗ੍ਰੰਥੀ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਮੁੱਚੀ ਲੋਕਾਈ ਦੇ ਭਲੇ ਲਈ ਅਰਦਾਸ ਕੀਤੀ। ਜਗਬਾਣੀ/ਪੰਜਾਬ ਕੇਸਰੀ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਅਕਾਲ ਪੁਰਖ ਵਾਹਿਗੁਰੂ ਹੀ ਸਭ ਦਾ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦ ਦਵਾ ਕੰਮ ਨਹੀਂ ਕਰਦੀ ਤਾਂ ਦੁਆ ਜ਼ਰੂਰ ਕੰਮ ਕਰਦੀ ਹੈ। ਇਸ ਲਈ ਸੰਗਤਾਂ ਆਪਣੇ ਘਰਾਂ 'ਚ ਬੈਠ ਕੇ ਹੀ ਪਰਮ ਪਿਤਾ ਪ੍ਰਮਾਤਮਾ ਦੀ ਅਰਾਧਣਾ ਕਰਨ। ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਰਬੱਤ ਦੇ ਅੰਗ ਸੰਗ ਸਹਾਈ ਹੋਣਗੇ ਅਤੇ ਸਭ ਨੂੰ ਇਸ ਸੰਕਟ ਦੀ ਘੜੀ 'ਚੋਂ ਕੱਢਣਗੇ।

Anuradha

This news is Content Editor Anuradha