ਵਿਦੇਸ਼ੀ ਹਥਿਆਰਾਂ ਨਾਲ ਗ੍ਰਿਫਤਾਰ ਹੋਏ ਸੰਦੀਪ ਸਿੰਘ ਨੂੰ ਮਿਲੀ ਜ਼ਮਾਨਤ

08/19/2018 12:33:55 PM

ਫਰੀਦਕੋਟ (ਜ. ਬ.) - ਫਰੀਦਕੋਟ ਪੁਲਸ ਵੱਲੋਂ ਬੀਤੇ ਮਈ ਮਹੀਨੇ 'ਚ ਕਥਿਤ ਤੌਰ 'ਤੇ ਵਿਦੇਸ਼ੀ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਸੰਦੀਪ ਸਿੰਘ ਨੂੰ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਗੈਰ-ਕਾਨੂੰਨੀ ਅਤੇ ਅੱਤਵਾਦ ਸਰਗਰਮੀਆਂ ਰੋਕੂ ਐਕਟ ਤਹਿਤ ਪੁਲਸ ਨੇ ਮਾਮਲੇ ਦੀ ਪੜਤਾਲ 90 ਦਿਨਾਂ ਵਿਚ ਮੁਕੰਮਲ ਕਰਨੀ ਸੀ ਪਰ ਪੁਲਸ ਨਿਸ਼ਚਿਤ ਸਮੇਂ ਵਿਚ ਪੜਤਾਲ ਮੁਕੰਮਲ ਨਹੀਂ ਕਰ ਸਕੀ, ਜਿਸ ਕਰ ਕੇ ਅਦਾਲਤ ਨੇ ਸੰਦੀਪ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਸੰਦੀਪ ਸਿੰਘ ਖਿਲਾਫ ਸਿਟੀ ਪੁਲਸ ਕੋਟਕਪੂਰਾ ਨੇ ਮੁਕੱਦਮਾ ਨੰਬਰ 73 ਦਰਜ ਕਰ ਕੇ ਦਾਅਵਾ ਕੀਤਾ ਸੀ ਕਿ ਸੰਦੀਪ ਅਤੇ ਉਸ ਦੇ ਸਾਥੀ ਅਮਰ ਸਿੰਘ ਕੋਲੋਂ 2 ਪਿਸਤੌਲਾਂ 30 ਬੋਰ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ ਅਤੇ ਪੁਲਸ ਅਨੁਸਾਰ ਸੰਦੀਪ ਅਤੇ ਅਮਰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸੰਪਰਕ ਵਿਚ ਹਨ, ਜੋ ਭਾਰਤ 'ਚ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਹੈ। ਇਸ ਮਾਮਲੇ ਦੀ ਪੜਤਾਲ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਅਤੇ ਡੀ. ਐੱਸ. ਪੀ. ਮਨਵਿੰਦਰਬੀਰ ਸਿੰਘ ਕਰ ਰਹੇ ਸਨ। ਅਦਾਲਤ ਨੇ ਸੰਦੀਪ ਸਿੰਘ ਨੂੰ ਜ਼ਮਾਨਤ ਦਿੰਦਿਆਂ ਸਪੱਸ਼ਟ ਕੀਤਾ ਕਿ ਮਿੱਥੇ ਸਮੇਂ ਵਿਚ ਪੜਤਾਲ ਮੁਕੰਮਲ ਨਾ ਹੋਣ ਕਾਰਨ ਮੁਲਜ਼ਮ ਨੂੰ ਜ਼ਮਾਨਤ ਦੇ ਹੱਕ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।
ਸੰਦੀਪ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਲਈ ਸਮਾਂ ਵਧਾਉਣ ਵਾਸਤੇ ਅਦਾਲਤ ਵਿਚ ਅਰਜ਼ੀ ਦਿੱਤੀ, ਜਿਸ 'ਤੇ ਅਦਾਲਤ ਨੇ ਪੁਲਸ ਦੀ ਸਮਾਂ ਵਧਾਉਣ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ, ਜਿਸ ਕਰ ਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਦੂਜੇ ਮੈਂਬਰ ਅਮਰ ਸਿੰਘ ਦੀ ਜ਼ਮਾਨਤ ਅਰਜ਼ੀ ਦੀ ਕਾਰਵਾਈ ਰੁਕ ਗਈ ਹੈ।