ਕਾਲੀਆਂ ਝੰਡੀਆਂ ਲਹਿਰਾਉਣ ਦਾ ਪ੍ਰੋਗਰਾਮ ਰੱਦ ਕਰਵਾਇਆ ਸਾਂਪਲਾ ਨੇ

01/10/2018 7:18:36 AM

ਫਗਵਾੜਾ, (ਰੁਪਿੰਦਰ ਕੌਰ)- ਦਿਵਿਆਂਗ ਅਤੇ ਬਲਾਈਂਡ ਯੂਨੀਅਨ ਪੰਜਾਬ, ਜੋ ਪਿਛਲੇ 20 ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਹੈ, ਨੇ ਬੀਤੇ ਦਿਨ ਨਗਰ ਨਿਗਮ ਫਗਵਾੜਾ ਵਿਚ ਕੇਂਦਰੀ ਮੰਤਰੀ ਵਿਜੇ ਸਾਂਪਲਾ, ਜੋ ਕਿ ਦਿਵਿਆਂਗਾਂ ਨਾਲ ਸਬੰਧਿਤ ਵਿਭਾਗ ਦੇ ਮੰਤਰੀ ਵੀ ਹਨ, ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨਾ ਸੀ ਤੇ ਨਾਲ ਹੀ ਆਪਣੇ ਖੂਨ ਨਾਲ ਲਿਖ ਕੇ ਇਕ ਮੰਗ-ਪੱਤਰ ਦੇਣਾ ਸੀ ਤਾਂ ਜੋ ਸ਼ਾਇਦ ਹੁਣ ਵੀ ਉਨ੍ਹਾਂ ਲਈ ਨਵੀਂ ਸਵੇਰ ਹੋ ਜਾਵੇ ਪਰ ਝੂਠਾ ਭਰੋਸਾ ਦੇ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਹੈ। ਯੂਨੀਅਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਾਂਪਲਾ ਦੇ ਘਰ ਅੱਗੇ ਧਰਨਾ ਦੇਣਗੇ। 
ਯੂਨੀਅਨ ਪ੍ਰਧਾਨ ਲਖਬੀਰ ਸੈਣੀ ਨੇ ਦੱਸਿਆ ਕਿ ਸਾਡੇ ਰੋਸ ਪ੍ਰਦਰਸ਼ਨ ਦੇ ਪ੍ਰੋਗਰਾਮ ਦਾ ਪਤਾ ਲਗਦੇ ਹੀ ਵਿਜੇ ਸਾਂਪਲਾ ਨੇ ਆਉਣ ਤੋਂ ਪਹਿਲਾਂ ਹੀ ਐੱਸ. ਐੱਚ. ਓ. ਸਿਟੀ ਭਰਤ ਮਸੀਹ ਅਤੇ ਮਨਜੀਤ ਬਾਲੀ ਨੇ ਯੂਨੀਅਨ ਮੈਂਬਰਾਂ ਨੂੰ ਪਹਿਲਾਂ ਧਮਕੀਆਂ ਤੇ ਬਾਅਦ ਵਿਚ ਭਰੋਸੇ ਵਿਚ ਲੈ ਕੇ ਕਾਲੀਆਂ ਝੰਡੀਆਂ ਲਹਿਰਾਉਣ ਦਾ ਪ੍ਰੋਗਰਾਮ ਨਾ ਕਰਨ ਲਈ ਕਿਹਾ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਗੱਲਾਂ ਅਤੇ ਮੰਗਾਂ ਸੁਣੀਆਂ ਜਾਣਗੀਆਂ। ਪ੍ਰਧਾਨ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਹ ਇਕ ਝੂਠਾ ਭਰੋਸਾ ਦਿੱਤਾ ਹੈ। 
ਐੱਸ. ਐੱਚ. ਓ. ਭਰਤ ਮਸੀਹ ਤੇ ਮਨਜੀਤ ਬਾਲੀ ਨੇ ਦਿੱਤਾ ਭਰੋਸਾ ਮੀਟਿੰਗ ਸਬੰਧਿਤ ਅਧਿਕਾਰੀਆਂ ਨਾਲ ਕਰਵਾਉਣ ਦਾ
ਪ੍ਰਧਾਨ ਲਖਬੀਰ ਸੈਣੀ ਨੇ ਦੱਸਿਆ ਕਿ 17 ਜਨਵਰੀ ਨੂੰ ਫਗਵਾੜਾ ਵਿਚ ਦਿਵਿਆਂਗਾਂ ਦੀ ਭਲਾਈ ਸਬੰਧੀ ਕੇਂਦਰ ਸਰਕਾਰ ਦੀਆਂ ਸਕੀਮਾਂ 'ਤੇ ਮੌਕੇ 'ਤੇ ਹੀ ਪੈਨਸ਼ਨਾਂ, ਬੈਂਕ ਲੋਨ, ਰੇਲਵੇ, ਬੱਸ ਪਾਸ, ਮੈਡੀਕਲ ਸਰਟੀਫਿਕੇਟ ਬਣਵਾਉਣ ਸਬੰਧੀ ਇਕ ਸੈਮੀਨਾਰ ਲਵਾਉਣ ਅਤੇ 7 ਮੈਂਬਰੀ ਕਮੇਟੀ ਦੀ ਮੀਟਿੰਗ ਦਿੱਲੀ ਵਿਚ ਸਬੰਧਿਤ ਅਧਿਕਾਰੀਆਂ ਨਾਲ ਕਰਵਾਉਣ ਦਾ ਭਰੋਸਾ ਫਗਵਾੜਾ ਪੁਲਸ ਐੱਸ. ਐੱਚ. ਓ. ਭਰਤ ਮਸੀਹ, ਮਨਜੀਤ ਬਾਲੀ (ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ) ਨੇ ਦਿੱਤਾ ਹੈ। 
ਅਸੀਂ ਤਾਂ ਸਿਰਫ ਮਾਹੌਲ ਸ਼ਾਂਤ ਕੀਤਾ ਸੀ, ਮਨਜੀਤ ਬਾਲੀ ਨੇ ਕਰਵਾਉਣੀ ਹੈ ਮੀਟਿੰਗ : ਭਰਤ ਮਸੀਹ
ਉਕਤ ਮਾਮਲੇ ਸਬੰਧੀ ਗੱਲ ਕਰਦਿਆਂ ਐੱਸ. ਐੱਚ. ਓ. ਸਿਟੀ ਭਰਤ ਮਸੀਹ ਨੇ ਦੱਸਿਆ ਕਿ ਅਸੀਂ ਤਾਂ ਸਿਰਫ ਮਾਹੌਲ ਸ਼ਾਂਤ ਕੀਤਾ ਸੀ, ਜਿਸ ਕਾਰਨ ਸਾਨੂੰ ਮਨਜੀਤ ਬਾਲੀ ਨੂੰ ਬੁਲਾਉਣਾ ਪਿਆ ਸੀ। 17 ਜਨਵਰੀ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਮਨਜੀਤ ਬਾਲੀ ਨੇ ਦਿੱਤਾ ਸੀ, ਉਹ ਹੀ ਕਰਵਾਉਣਗੇ ਮੀਟਿੰਗ। 
ਇਸ ਵਾਰ ਸੰਘਰਸ਼ ਕਰਾਂਗੇ ਹੋਰ ਵੀ ਜ਼ਿਆਦਾ ਤਿੱਖਾ
ਲਖਬੀਰ ਸਿੰਘ ਸੈਣੀ ਨੇ ਦੱਸਿਆ ਕਿ ਜਦੋਂ ਤੋਂ ਵਿਜੇ ਸਾਂਪਲਾ ਮੰਤਰੀ ਬਣੇ ਹਨ, ਉਦੋਂ ਤੋਂ ਹੀ ਮੰਤਰੀ ਦੇ ਨਾਲ ਮੀਟਿੰਗ ਅਤੇ ਮੰਗ-ਪੱਤਰ ਦਿੰਦੇ ਆ ਰਹੇ ਹਨ। 3 ਦਸੰਬਰ 2016 ਨੂੰ ਦਿਵਿਆਂਗ ਦਿਵਸ 'ਤੇ ਵਿਜੇ ਸਾਂਪਲਾ ਦੀ ਰਿਹਾਇਸ਼ 'ਤੇ ਵੀ ਧਰਨਾ ਦਿੱਤਾ ਗਿਆ ਸੀ ਪਰ ਸਾਡੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋਇਆ, ਜੇਕਰ ਹੁਣ ਵੀ ਸਾਡੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਵਿਜੇ ਸਾਂਪਲਾ ਦੇ ਹੁਸ਼ਿਆਰਪੁਰ ਸਥਿਤ ਘਰ 'ਤੇ ਪੱਕਾ ਧਰਨਾ ਲਾ ਕੇ ਬੈਠ ਜਾਵਾਂਗੇ ਅਤੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਇਸ ਮੌਕੇ ਵੱਡੀ ਗਿਣਤੀ ਵਿਚ ਯੂਨੀਅਨ ਦੇ ਮੈਂਬਰ ਦਵਿੰਦਰ ਕੌਰ, ਜੋਤੀ, ਪਿੰਕੀ ਰਾਣੀ ਮਲਿਕਪੁਰ, ਮਨਜੀਤ ਬਰਨ, ਮੋਹਨ ਲਾਲ, ਭਾਰਤ ਭੂਸ਼ਣ, ਅਸ਼ਵਨੀ ਸ਼ਰਮਾ ਆਦਿ ਮੌਜੂਦ ਸਨ। 
ਸਾਂਪਲਾ ਹੀ ਨਹੀਂ, ਉਨ੍ਹਾਂ ਦੇ ਸਾਥੀ ਵੀ ਝੂਠੇ : ਮਨੀਸ਼ ਕਨੌਜੀਆ
ਮਨੀਸ਼ ਕਨੌਜੀਆ ਲੋਕ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਵਾਲੀ ਸੰਸਥਾ ਫਗਵਾੜਾ ਸੋਸ਼ਲ ਵੈੱਲਫੇਅਰ ਕਮੇਟੀ ਵੱਲੋਂ ਬੀਤੇ ਦਿਨ ਕੇਂਦਰੀ ਮੰਤਰੀ ਨੂੰ ਇਕ ਪੱਤਰ ਦਿੱਤਾ ਗਿਆ, ਜਿਸ ਵਿਚ ਪ੍ਰਧਾਨ ਮਨੀਸ਼ ਕਨੌਜੀਆ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਬੀਤੇ ਸਾਲ 2 ਸਤੰਬਰ ਨੂੰ ਇਕ ਜਗਰਾਤਾ ਕਰਵਾਇਆ ਗਿਆ ਸੀ, ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਪੰਕਜ ਚਾਵਲਾ ਨੇ ਕਮੇਟੀ ਨੂੰ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਗ੍ਰਾਂਟ ਕਮੇਟੀ ਨੂੰ ਅਜੇ ਤੱਕ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਇੰਨਾ ਹੀ ਨਹੀਂ ਪੰਕਜ ਚਾਵਲਾ 'ਤੇ ਵਿਸ਼ਵਾਸ ਕਰਦੇ ਹੋਏ ਕਮੇਟੀ ਨੇ ਇਕ ਪਲਾਟ ਵੀ ਖਰੀਦਿਆ, ਜਿਥੇ ਗਰੀਬ ਲੜਕੀਆਂ ਦੇ ਲਈ ਫ੍ਰੀ ਸਿਲਾਈ ਸੈਂਟਰ ਖੋਲ੍ਹਿਆ ਜਾਣਾ ਸੀ, ਉਸ ਪਲਾਟ 'ਤੇ ਵੀ ਸੈਂਟਰ ਦਾ ਨਿਰਮਾਣ ਕਰਵਾਉਣ ਵਿਚ ਚਾਵਲਾ ਨੇ ਆਰਥਿਕ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਮੰਗ-ਪੱਤਰ ਵਿਚ ਚਾਵਲਾ ਤੋਂ ਗ੍ਰਾਂਟ ਤੇ ਆਰਥਿਕ ਸਹਾਇਤਾ ਰਾਸ਼ੀ ਜਲਦ ਤੋਂ ਜਲਦ ਜਾਰੀ ਕਰਨ ਦੀ ਅਪੀਲ ਕੀਤੀ।