ਤਨਖ਼ਾਹੋਂ ਵਾਂਝੇ ਜੰਗਲਾਤ ਕਾਮਿਆਂ ਕੀਤਾ ਪ੍ਰਦਰਸ਼ਨ

08/21/2018 1:56:55 AM

ਹੁਸ਼ਿਆਰਪੁਰ,  (ਘੁੰਮਣ)-   ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਪਿਛਲੇ ਸਮੇਂ ਵਿਚ ਵਰਕਰਾਂ ਦੀਆਂ ਸਾਲ 2017-18 ਦੀਆਂ ਤਨਖਾਹਾਂ ਨਾ ਮਿਲਣ ਸਬੰਧੀ ਵਣ ਮੰਡਲ ਹੁਸ਼ਿਆਰਪੁਰ ਦੇ ਸਮੂਹ ਵਰਕਰਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਵਣ ਮੰਡਲ ਅਫਸਰ ਨੂੰ ਲਿਖਤੀ ਮੰਗ ਪੱਤਰ ਰਾਹੀਂ ਸੂਚਿਤ ਕਰਨ ਅਤੇ ਉਨ੍ਹਾਂ ਦੁਆਰਾ ਤਨਖਾਹ ਰਿਲੀਜ਼ ਕਰਨ ਦੇ ਵਾਅਦੇ ਨੂੰ ਪੂਰਾ ਨਾ ਕਰਨ ਵਿਰੁੱਧ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਸੀ। ਹੜਤਾਲ ਸਬੰਧੀ ਸੂਚਿਤ ਕਰਨ ’ਤੇ ਵੀ ਇਸ ਅਧਿਕਾਰੀ ਵੱਲੋਂ ਜੰਗਲਾਤ ਵਰਕਰਾਂ ਦੀਆਂ ਤਨਖਾਹਾਂ ਦੇਣ ਸਬੰਧੀ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਘੱਟ ਤਨਖਾਹ ’ਤੇ ਕੰਮ ਕਰਦੇ ਇਨ੍ਹਾਂ ਵਰਕਰਾਂ ਨੂੰ ਪਿਛਲੇ 8-9 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆ ਜਾ ਰਹੀਆਂ, ਜਿਸ ਕਾਰਣ ਇਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚੱਲਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਵਣ ਮੰਡਲ ਅਫਸਰ ਹੁਸ਼ਿਆਰਪੁਰ ਦੇ ਇਸ ਮੁਲਾਜ਼ਮ ਵਿਰੋਧੀ ਵਤੀਰੇ ਤੋਂ ਤੰਗ ਆ ਕੇ ਮੁਲਾਜ਼ਮਾਂ ਵੱਲੋਂ ਸਾਰੀਆਂ ਰੇਂਜਾਂ ਦਾ ਕੰਮ ਬੰਦ ਕਰਕੇ ਹਡ਼ਤਾਲ ਕੀਤੀ ਗਈ ਅਤੇ ਸਪੱਸ਼ਟ ਕੀਤਾ ਕਿ ਇਹ ਹਡ਼ਤਾਲ ਤਨਖਾਹਾਂ ਮਿਲਣ ਤੱਕ ਪੂਰਣ ਤੌਰ ’ਤੇ ਜਾਰੀ ਰਹੇਗੀ। ਵਣ ਰੇਂਜ ਮਹਿੰਗਰੋਵਾਲ, ਢੋਲਬਾਹਾ, ਹਰਿਆਣਾ, ਹੁਸ਼ਿਆਰਪੁਰ ਅਤੇ ਮਾਹਿਲਪੁਰ ਅੱਗੇ ਵਰਕਰਾਂ ਵੱਲੋਂ ਹਡ਼ਤਾਲ ਕਰਕੇ ਰੋਸ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਪਵਨ ਕੁਮਾਰ, ਜੁਗਿੰਦਰ ਸਿੰਘ, ਸੁਰਿੰਦਰ ਪਾਲ, ਅਜੈ ਕੁਮਾਰ, ਬਲਜੀਤ ਸਿੰਘ, ਅਮਰਜੀਤ ਸਿੰਘ, ਰਵੀ ਕੁਮਾਰ, ਸਤਨਾਮ ਸਿੰਘ, ਅਮਰੀਕ ਸਿੰਘ, ਪਿਆਰਾ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 
ਹਰਿਆਣਾ, (ਜ.ਬ., ਰੱਤੀ, ਰਾਜਪੂਤ)-ਜੰਗਲਾਤ ਵਰਕਰ ਯੂਨੀਅਨ ਰੇਂਜ ਹਰਿਆਣਾ ਅਧੀਨ ਕੰਮ ਕਰਦੇ ਵਰਕਰਾਂ ਅਣਮਿੱਥੇ ਸਮੇਂ ਲਈ ਹਡ਼ਤਾਲ ਦਾ ਐਲਾਨ ਕਰਕੇ ਦਫਤਰ ਸਾਹਮਣੇ ਰੋਸ ਧਰਨੇ ’ਤੇ ਬੈਠ ਗਏ। ਜਿਸ ਕਾਰਣ ਕੋਈ ਵੀ ਵਰਕਰ ਕੰਮ ’ਤੇ ਨਹੀਂ ਗਿਆ ਸਗੋਂ ਰੇਂਜ ਦਫਤਰ ਸਾਹਮਣੇ ਬੈਠ ਕੇ ਹਾਜ਼ਰੀ ਲਵਾਈ। ਇਹ ਰੋਸ ਧਰਨਾ ਰੇਂਜ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ’ਚ ਦਿੱਤਾ ਗਿਆ।