ਲੁਧਿਆਣਾ-ਦਿੱਲੀ ਫਲਾਈਟ ''ਤੇ ਸ਼ੁਰੂ ''ਕ੍ਰੈਡਿਟ ਵਾਰ'' ਨਹੀਂ ਲੈ ਰਹੀ ਰੁਕਣ ਦਾ ਨਾਂ

Monday, Sep 04, 2017 - 08:41 AM (IST)

ਲੁਧਿਆਣਾ (ਬਹਿਲ)-ਜਿਥੇ ਇਕ ਪਾਸੇ 3 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ-ਦਿੱਲੀ ਫਲਾਈਟ ਸ਼ੁਰੂ ਹੋਣ ਨਾਲ ਟਰੇਡ ਤੇ ਇੰਡਸਟਰੀ ਤੋਂ ਇਲਾਵਾ ਲੁਧਿਆਣਵੀ ਬੇਹੱਦ ਖੁਸ਼ ਹਨ, ਉਥੇ ਇਸ ਫਲਾਈਟ ਨੂੰ ਅਮਲੀਜਾਮਾ ਪਹਿਨਾਉਣ ਲਈ ਰਾਜਨੀਤਿਕ ਪਾਰਟੀਆਂ ਦੀ 'ਕ੍ਰੈਡਿਟ ਵਾਰ' ਰੁਕਣ ਦਾ ਨਾਂ ਨਹੀਂ ਲੈ ਰਹੀ। 2 ਸਤੰਬਰ ਤੋਂ ਸ਼ੁਰੂ ਹੋਈ ਉਦਘਾਟਨੀ ਫਲਾਈਟ 'ਤੇ ਪਹਿਲਾਂ ਜ਼ਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋੜਾ ਨੇ ਇਸ ਨੂੰ ਸ਼ੁਰੂ ਕਰਵਾਉਣ ਦਾ ਪੂਰਾ ਸਿਹਰਾ ਖੁਦ ਨੂੰ ਦਿੱਤਾ ਸੀ, ਉਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਡਾਣ ਸਕੀਮ ਤਹਿਤ ਸ਼ਨੀਵਾਰ ਨੂੰ ਸ਼ੁਰੂ ਹੋਈ ਲੁਧਿਆਣਾ-ਦਿੱਲੀ ਫਲਾਈਟ 'ਤੇ ਆਪਣਾ ਦਾਅਵਾ ਠੋਕਦੇ ਹੋਏ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮਈ 2007 'ਚ ਆਪਣੀਆਂ ਕੋਸ਼ਿਸ਼ਾਂ ਨਾਲ ਇਸ ਨੂੰ ਸ਼ੁਰੂ ਕਰਨ ਦਾ ਆਇਡੀਆ ਦਿੱਤਾ ਸੀ ਅਤੇ 13 ਮਾਰਚ 2008 ਨੂੰ ਅਲਾਇੰਸ ਏਅਰ ਨੇ ਲੁਧਿਆਣਾ ਤੋਂ ਫਲਾਈਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਵਲ ਐਵੀਏਸ਼ਨ ਮੰਤਰਾਲੇ, ਸੁਰੱਖਿਆ ਮੰਤਰਾਲੇ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਪ੍ਰਸਤਾਵ ਭੇਜ ਕੇ ਬੈਠਕਾਂ ਕੀਤੀਆਂ ਸਨ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਾਂਗਰਸ ਲੀਡਰਸ਼ਿਪ ਅਤੇ ਐੱਮ. ਪੀ. ਰਵਨੀਤ ਬਿੱਟੂ ਤੇ ਲੁਧਿਆਣਾ-ਦਿੱਲੀ ਫਲਾਈਟ ਸ਼ੁਰੂ ਕਰਨ ਦਾ ਸਿਹਰਾ ਲੈਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਾਂਗਰਸੀ ਨੇਤਾਵਾਂ ਵੱਲੋਂ ਆਪਣੇ ਹੋਰਡਿੰਗ ਲਾ ਕੇ ਫਲਾਈਟ ਦੁਬਾਰਾ ਸ਼ੁਰੂ ਕਰਨ ਦਾ ਦਾਅਵਾ ਮੰਦਭਾਗਾ ਹੈ।


Related News