ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

12/14/2018 11:14:41 AM

ਜਲੰਧਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਿੱਖ ਇਤਿਹਾਸ ਵਿਚ ਚਮਕਦੇ ਧਰੂ ਤਾਰੇ ਦੇ ਵਾਂਗ ਹਨ। ਉਨ੍ਹਾਂ ਦਾ ਜਨਮ 14 ਦਸੰਬਰ 1699 ਈ: 'ਚ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਜੀ ਦੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਸਮੇਤ, ਸਿੰਘਾਂ ਦੇ ਜਥੇ ਨਾਲੋਂ ਨਿਖੜ ਗਏ। ਰਸੋਈਆ ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਆਇਆ।ਮਾਤਾ ਗੁਜਰੀ ਜੀ ਕੋਲ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਉਹ ਬੇਈਮਾਨ ਹੋ ਗਿਆ। ਉਹ ਇੰਨ੍ਹਾਂ ਨੂੰ ਫੜ੍ਹਾ ਕੇ ਸਰਹੰਦ ਦੇ ਸੂਬੇ ਪਾਸੋਂ ਇਨਾਮ ਅਤੇ ਸ਼ੌਹਰਤ ਲੈਣਾ ਚਾਹੁੰਦਾ ਸੀ।

ਦੂਜੇ ਦਿਨ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਸ ਮਾਤਾ ਜੀ ਤੇ ਉਨ੍ਹਾਂ ਦੇ ਦੋਵੇਂ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ ਅਤੇ ਤਿੰਨਾਂ ਨੂੰ ਸਰਹੰਦ ਦੇ ਇਕ ਠੰਡੇ ਬੁਰਜ 'ਚ ਕੈਦ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਸਾਰੀ ਰਾਤ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਤੱਕ ਦੁੱਧ ਪਹੁੰਚਾਇਆ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਕਚਿਹਰੀ 'ਚ ਪੇਸ਼ ਕਰਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਉਨ੍ਹਾਂ ਦੀ ਮਾਸੂਮੀਅਤ 'ਤੇ ਦਿਲ ਪਸੀਜਿਆ ਵੇਖ ਕਾਜ਼ੀ ਨੇ ਕਿਹਾ ਕਿ ਇਸਲਾਮ ਬੱਚਿਆਂ 'ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਨ੍ਹਾਂ ਨੂੰ“'ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ' ਦੱਸਦਿਆਂ ਸਖ਼ਤ ਸਜ਼ਾ ਦੇਣ ਦੀ ਗੱਲ ਕਹੀ ਅਤੇ ਅਖ਼ੀਰ ਫ਼ਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ਼ ਉਨ੍ਹਾਂ ਨੂੰ ਜੀਉਂਦੇ ਜੀਅ ਨੀਹਾਂ 'ਚ ਚਿਣਵਾ ਦਿੱਤਾ। ਦੀਵਾਰ ਦੇ ਢਹਿ ਜਾਣ 'ਤੇ ਉਨ੍ਹਾਂ ਦੇ ਸਿਰ ਤਲਵਾਰ ਨਾਲ ਧੱੜਾਂ ਤੋਂ ਜੁੱਦਾ ਕਰ ਦਿੱਤੇ ਗਏ। ਇਸ ਤੋਂ ਇਲਾਵਾ ਵਜ਼ੀਰ ਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਦਲਾ ਵੀ ਲੈਣਾ ਚਾਹੁੰਦਾ ਸੀ।ਇਤਿਹਾਸਕਾਰਾਂ ਮੁਤਾਬਕ ਉਸ ਵਕਤ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਉਮਰ ਸਿਰਫ 7 ਸਾਲ ਸੀ। ਏਨੀ ਛੋਟੀ ਉਮਰ 'ਚ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਉਹ ਸੂਝ-ਬੂਝ ਸੀ, ਜਿਸ ਨਾਲ ਇਕ ਕੌਮ ਦਾ ਸਿਰ ਉੱਚਾ ਹੋ ਸਕੇ। 

ਇਸ ਗੱਲ ਦੀ ਮਿਸਾਲ ਉਹ ਸਮਾਂ ਦਿੰਦਾ ਹੈ ਜਦੋਂ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਛੋਟਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਦਰਬਾਰ 'ਚ ਲਿਆਂਦਾ ਜਾ ਰਿਹਾ ਸੀ। ਉਸ ਵਕਤ ਵਜ਼ੀਰ ਖਾਨ ਦੇ ਸਿਪਾਹੀਆਂ ਨੇ ਦਰਬਾਰ ਦਾ ਵੱਡਾ ਗੇਟ ਬੰਦ ਕਰ ਦਿੱਤਾ ਸੀ ਅਤੇ ਛੋਟਾ ਗੇਟ ਅੰਦਰ ਆਉਣ ਲਈ ਖੋਲ੍ਹ ਦਿੱਤਾ ਸੀ।ਇਸ ਦੇ ਪਿੱਛੇ ਵਜ਼ੀਰ ਖਾਨ ਦਾ ਇਹ ਮਕਸਦ ਸੀ ਕਿ ਜਦੋਂ ਦੋਵੇਂ ਸਾਹਿਬਜ਼ਾਦੇ ਅੰਦਰ ਆਉਣ ਤਾਂ ਆਪਣਾ ਸਿਰ ਝੁਕਾ ਕੇ ਅੰਦਰ ਆਉਣ ਪਰ ਸਾਹਿਬਜ਼ਾਦਿਆਂ ਦੀ ਸੂਝ-ਬੂਝ ਨੇ ਵਜ਼ੀਰ ਖਾਂ ਦੀ ਇਸ ਯੋਜਨਾ 'ਤੇ ਪਾਣੀ ਫੇਰ ਦਿੱਤਾ।ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਜਿਸ ਸਮੇਂ ਉਸ ਗੇਟ 'ਚੋਂ ਲੰਘਣਾ ਸੀ, ਆਪਣਾ ਪੈਰ ਗੇਟ ਅੰਦਰ ਰੱਖਿਆ ਤੇ ਬਿਨਾਂ ਸੀਸ ਝੁਕਾਏ ਅੰਦਰ ਪਰਵੇਸ਼ ਕੀਤਾ। ਮੁਗ਼ਲ ਸਿਪਾਹੀ ਸਾਹਿਬਜ਼ਾਦਿਆਂ ਦੀ ਨਿਡਰਤਾ ਤੇ ਸੂਝ-ਬੂਝ ਤੇ ਹੈਰਾਨ ਹੋ ਗਏ। ਵਜ਼ੀਰ ਖਾਂ ਨੇ ਨਾਕਾਮੀ ਦਾ ਪ੍ਰਦਰਸ਼ਨ ਕਰਦੇ ਹੋਏ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਕੇ 1705 ਈ ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਸੀ।

rajwinder kaur

This news is Content Editor rajwinder kaur