ਰੇਲ ਕੋਚ ਫੈਕਟਰੀ ਦੀ ਸੁਰੱਖਿਆ ਲਈ ਪੁਲਸ ਤੇ ਆਰ. ਪੀ. ਐੱਫ. ਦੇ 395 ਮੁਲਾਜ਼ਮ ਤਾਇਨਾਤ

08/28/2017 7:19:02 AM

ਸੁਲਤਾਨਪੁਰ ਲੋਧੀ, (ਧੀਰ)- ਸੋਮਵਾਰ ਨੂੰ ਸੀ. ਬੀ. ਆਈ. ਕੋਰਟ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਦੇ ਮੱਦੇਨਜ਼ਰ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਨਿਰਦੇਸ਼ਾਂ ਹੇਠ 'ਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਦੀ ਅਗਵਾਈ ਹੇਠ ਹਲਕੇ ਦੇ ਸਾਰੇ ਹੀ ਥਾਣੇ, ਪੁਲਸ ਚੌਕੀਆਂ ਆਦਿ 'ਚ ਸਖਤ ਪ੍ਰਬੰਧ ਕੀਤੇ ਹੋਏ ਹਨ ਤੇ ਪੁਲਸ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਪਾਵਰਨ ਤੋਂ ਬਚਾਓ ਲਈ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਡਿਊਟੀ 'ਤੇ ਲਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਕੋਰਟ ਵਲੋਂ ਸਜ਼ਾ ਮੁਕਰਰ ਕਰਨ ਦੇ ਤਹਿਤ ਕਿਸੇ ਵੀ ਸ਼ਰਾਰਤੀ ਅਨਸਰ ਵਲੋਂ ਮਾਹੌਲ ਨੂੰ ਖਰਾਬ ਕਰਨ ਦੇ ਮੱਦੇਨਜ਼ਰ ਪੁਲਸ ਵਲੋਂ ਰਾਤ-ਦਿਨ ਪੈਟਰੋਲਿੰਗ ਗਸ਼ਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਲਕੇ 'ਚ ਸਭ ਤੋਂ ਮਹੱਤਵਪੂਰਨ ਪੈਂਦੇ ਏਰੀਏ ਰੋਲ ਕੋਚ ਫੈਕਟਰੀ ਦੀ ਸੁਰੱਖਿਆ ਲਈ ਪੁਲਸ ਨੇ ਪੂਰੇ ਬੰਦੋਬਸਤ ਕੀਤੇ ਹੋਏ ਹਨ। ਰੇਲ ਕੋਚ ਫੈਕਟਰੀ ਦੇ ਮੁੱਖ ਤਿੰਨ ਐਂਟਰੀ ਗੇਟਾਂ ਤੇ ਹੋਰ ਵੱਡੀਆਂ ਇਮਾਰਤਾਂ ਲਈ 325 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ, ਜੋ ਹਰ ਸਮੇਂ ਕਿਸੇ ਵੀ ਗੜਬੜੀ ਨੂੰ ਰੋਕਣ ਲਈ ਮੁਸਤੈਦ ਹਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ, ਰੇਲ ਕੋਚ ਫੈਕਟਰੀ ਮੁੱਖ ਪੁਆਇੰਟਾਂ 'ਤੇ ਵੀ 70 ਆਰ. ਪੀ. ਐੱਫ. ਦੇ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਇਸ ਤੋਂ ਪਹਿਲਾਂ ਪੈਟਰੋਲ ਪੰਪਾਂ, ਏ. ਟੀ. ਐੱਮ. ਮੁੱਖ ਚੌਕਾਂ, ਮੁੱਖ ਬਾਜ਼ਾਰਾਂ, ਇਤਿਹਾਸਕ ਇਮਾਰਤਾਂ, ਸਰਕਾਰੀ ਬਿਲਡਿੰਗਾਂ ਦੇ ਵੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਮੁੱਖ ਚੌਕਾਂ 'ਤੇ ਖੜ੍ਹੇ ਪੁਲਸ ਕਰਮਚਾਰੀ ਹਰੇਕ ਸ਼ੱਕੀ ਵਿਅਕਤੀ ਤੇ ਵਾਹਨ ਦੀ ਰੋਕ-ਰੋਕ ਕੇ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਕੇ ਉਸਨੂੰ ਅੱਗੇ ਜਾਣ ਦਿੰਦੇ ਹਨ ਤੇ ਇਸ ਕੰਮ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕੋਤਾਹੀ ਬਰਦਾਸ਼ਤ ਨਹੀਂ ਹੋਵੇਗੀ।