ਧਰਮਸੌਤ ਦਾ ਸੁਖਬੀਰ 'ਤੇ ਨਿਸ਼ਾਨਾ : 'ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ'?

07/16/2018 8:43:49 PM

ਚੰਡੀਗੜ,(ਕਮਲ)— ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਵਿਅੰਗਮਈ ਅੰਦਾਜ਼ 'ਚ ਕਿਹਾ ਕਿ ਛੱਜ ਤਾਂ ਬੋਲੇ, ਛਾਨਣੀ ਕਿਉਂ? ਉਨ੍ਹਾਂ ਸੁਖਬੀਰ ਬਾਦਲ ਦੇ ਉਸ ਬਿਆਨ ਨੂੰ ਲੈ ਕੇ ਇਹ ਪ੍ਰਤੀਕਿਰਿਆ ਜ਼ਾਹਰ ਕੀਤੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਉਦਯੋਗ 'ਚ ਪਹਿਲੇ ਨੰਬਰ ਤੋਂ ਖਿਸਕ ਕੇ 20ਵੇਂ ਨੰਬਰ 'ਤੇ ਚਲਾ ਗਿਆ ਹੈ। ਧਰਮਸੌਤ ਨੇ ਕਿਹਾ ਕਿ ਕੀ ਸੁਖਬੀਰ ਆਪਣੇ ਉਸ ਪੈਮਾਨੇ ਬਾਰੇ ਦੱਸ ਸਕਦੇ ਨੇ, ਜਿਸ ਨਾਲ ਉਨ੍ਹਾਂ ਇਹ ਮਾਪਿਆ ਹੈ ਕਿ ਪੰਜਾਬ ਉਦਯੋਗ 'ਚ 20ਵੇਂ ਨੰਬਰ 'ਤੇ ਚਲਾ ਗਿਆ ਹੈ। ਉਨ੍ਹਾਂ ਸੁਖਬੀਰ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਰੱਬ ਦਾ ਵਾਸਤਾ ਏ, ਹੁਣ ਤਾਂ ਝੂਠ ਬੋਲਣਾ ਛੱਡ ਦੇਵੋ ਕਿਉ ਸੂਬੇ ਦੀ ਜਨਤਾ ਨੂੰ ਹਾਲੇ ਵੀ ਗੁੰਮਰਾਹ ਕਰ ਰਹੇ ਹੋ। ਜਦ ਕਿ ਕੈਪਟਨ ਸਰਕਾਰ ਵਲੋਂ ਉਦਯੋਗਾਂ ਲਈ ਬਿਜਲੀ ਸਸਤੀ ਕਰਨ ਦੇ ਨਾਲ-ਨਾਲ ਹੋਰ ਕਈ ਸਹੂਲਤਾਂ ਦੇ ਕੇ ਉਦਯੋਗ ਨੂੰ ਮੁੜ ਲੀਹ 'ਤੇ ਲਿਆਂਦਾ ਗਿਆ ਹੈ, ਜਿਸ ਦਾ ਬਾਦਲ ਸਰਕਾਰ ਨੇ ਜਨਾਜ਼ਾ ਕੱਢ ਦਿੱਤਾ ਸੀ।
ਧਰਮਸੌਤ ਨੇ ਕਿਹਾ ਸੁਖਬੀਰ ਬਾਦਲ ਕਦੇ ਹੁਣ ਮੰਡੀ ਗੋਬਿੰਦਗੜ• ਤਾਂ ਆ ਕੇ ਵੇਖਣ ਕਿ ਜਿਨ੍ਹਾਂ ਮਿੱਲਾਂ ਦੀਆਂ ਚਿਮਨੀਆਂ ਦਾ ਧੂੰਆਂ ਉਨ੍ਹਾਂ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਉਦਯੋਗ ਮਾਰੂ ਨੀਤੀਆਂ ਸਦਕਾ ਬੰਦ ਹੋ ਗਿਆ ਸੀ, ਉਹ ਅੱਜ ਧੜਾਧੜ ਵੇਖਣ ਨੂੰ ਮਿਲਦਾ ਹੈ, ਜਿਸ ਦਾ ਸਮੁੱਚਾ ਸਿਹਰਾ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ। ਉਨ੍ਹਾਂ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਵਿਰੋਧੀਆਂ 'ਤੇ ਤਿੱਖੇ ਹਮਲੇ ਕੀਤੇ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਾਬਕਾ ਐੱਸ. ਐੱਸ. ਪੀ. ਰਾਜਜੀਤ ਸਿੰਘ ਨੂੰ ਬਚਾਏ ਜਾਣ ਦੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਧਰਮਸੌਤ ਨੇ ਮੁੱਢੋਂ ਨਕਾਰਦਿਆਂ ਆਖਿਆ ਹੈ ਕਿ ਖਹਿਰਾ ਹਵਾ 'ਚ ਤਲਵਾਰਾਂ ਨਾ ਮਾਰਨ ਬਲਕਿ ਸਮੇਂ ਦੀ ਉਡੀਕ ਕਰਨ ਕਿਉਂਕਿ ਕਾਨੂੰਨ ਸਭ ਤੋਂ ਉੱਪਰ ਹੈ ਤੇ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਤੌਰ 'ਤੇ ਦੋਸ਼ੀ ਠਹਿਰਾਏ ਜਾਣ ਤੋਂ ਬਿਨਾਂ ਸਜ਼ਾ ਨਹੀਂ ਦਿੱਤੀ ਜਾ ਸਕਦੀ।