ਸਾਧੂ ਸਿੰਘ ਧਰਮਸੋਤ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

08/19/2019 3:31:52 PM

ਨਾਭਾ (ਜਗਨਾਰ) : ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਨਾਭਾ ਹਲਕੇ ਦੇ ਸ਼ਹਿਰ ਅਤੇ ਪਿੰਡਾਂ 'ਚ ਕਾਫੀ ਪਾਣੀ ਭਰ ਗਿਆ ਸੀ ਜਿਸ ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ। ਇਸ ਨੂੰ ਲੈ ਕੇ ਅੱਜ ਨਾਭਾ ਹਲਕੇ ਦੇ ਪਿੰਡਾਂ ਦਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦੌਰਾ ਕੀਤਾ ਗਿਆ। ਧਰਮਸੋਤ ਵੱਲੋਂ ਪਿੰਡ ਮਾਂਗੇਵਾਲ, ਲੋਪੇ ਭੋੜੇ, ਘਣੀਵਾਲ, ਅਭੇਪੁਰ ਅਤੇ ਗਲਵੱਟੀ ਆਦਿ ਪਿੰਡਾਂ ਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਧਰਮਸੋਤ ਵੱਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਜਲਦ ਤੋਂ ਜਲਦ ਕਰਨ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਰੂਪਨਗਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਪੀਕਰ ਰਾਣਾ ਕੇ. ਪੀ. ਵੀ ਮੌਜੂਦ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਲੀਹਾਂ 'ਤੇ ਲਿਆਉਣ ਲਈ ਸਰਕਾਰ ਵਲੋਂ ਉੱਚਿਤ ਕਦਮ ਚੁੱਕੇ ਜਾਣਗੇ ਅਤੇ ਜੋ ਵੀ ਨੁਕਸਾਨ ਹੋਇਆ ਹੈ, ਉਸ ਦਾ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ, ਡੀ. ਐੱਸ. ਪੀ ਵਰਿੰਦਰਜੀਤ ਸਿੰਘ ਥਿੰਦ, ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ, ਚਮਕੌਰ ਸਿੰਘ, ਕਾਬਲ ਸਿੰਘ, ਚਰਨਜੀਤ ਬਾਤਿਸ਼, ਪਰਮਜੀਤ ਸਿੰਘ ਕੱਲਰਮਾਜਰੀ, ਬਲਵਿੰਦਰ ਸਿੰਘ ਬਿੱਟੂ ਢੀਂਗੀ, ਜਤਿੰਦਰ ਸਿੰਘ ਜੱਤੀ ਅਭੇਪੁਰ ਆਦਿ ਮੌਜੂਦ ਸਨ।

Anuradha

This news is Content Editor Anuradha