ਸ੍ਰੀ ਮੁਕਤਸਰ ਸਾਹਿਬ ਵਾਸੀਆਂ ਦੇ ਹਿੱਤਾਂ ਲਈ ਨਿੱਤਰਿਆ ਸ਼੍ਰੋਮਣੀ ਅਕਾਲੀ ਦਲ

08/07/2020 4:59:38 PM

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਰਿਣੀ) - ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਅੰਦਰ ਸੀਵਰੇਜ ਸਿਸਟਮ ਦੀ ਬਦਹਾਲੀ ਤੇ ਸੜਕਾਂ 'ਤੇ ਖੜ੍ਹੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਵਾਸੀਆਂ ਦੇ ਹਿੱਤਾਂ 'ਚ ਨਿੱਤਰਦਿਆਂ ਝੰਡਾ ਚੁੱਕ ਲਿਆ ਹੈ। ਸਥਾਨਕ ਐਸਸੀ ਦਫ਼ਤਰ ਅੱਗੇ ਅੱਜ ਸ਼੍ਰੋਮਣੀ ਅਕਾਲੀ ਦਲ  ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ 'ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਭਰਵੀਂ ਨਾਅਰੇਬਾਜ਼ੀ ਕਰਦਿਆਂ ਜਿੱਥੇ ਪ੍ਰਸ਼ਾਸ਼ਨ ਦੇ
ਪ੍ਰਬੰਧਾਂ ਨੂੰ  ਕੋਸਿਆ, ਉਥੇ ਹੀ ਮੌਜੂਦਾ ਕਾਂਗਰਸ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ।

ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਸ਼ਹਿਰ ਅੰਦਰ ਸੀਵਰੇਜ ਸਿਸਟਮ ਦੀ ਹਾਲਤ ਬੇਹੱਦ ਖਸਤਾ ਹੈ, ਜਦੋਂਕਿ ਸੀਵਰੇਜ ਦਾ ਪਾਣੀ ਸੜਕਾਂ 'ਤੇ ਘਰ ਕਰ ਗਿਆ ਹੈ, ਜੋ ਲੋਕਾਂ ਲਈ ਜੀਅ ਦਾ ਜੰਜ਼ਾਲ ਬਣਿਆ ਹੋਇਆ ਹੈ, ਪਰ ਸਥਾਨਕ ਪ੍ਰਸਾਸ਼ਨ  ਇਸ ਪ੍ਰਤੀ ਗੰਭੀਰ ਨਹੀਂ। ਰੋਜ਼ੀ ਬਰਕੰਦੀ ਨੇ ਕਿਹਾ ਕਿ ਇਸ ਸਮੱਸਿਆ ਲਈ ਪਹਿਲਾਂ ਵੀ  ਸਬੰਧਿਤ ਵਿਭਾਗ ਨੂੰ ਜਾਣੂ ਕਰਾਇਆ ਜਾ ਚੁੱਕਾ ਹੈ, ਪਰ ਹਾਲਤ ਜਿਉਂ ਦੀ ਤਿਉਂ ਹੀ ਹੈ।  ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਭਾਵੇਂ ਹੀ ਚੋਣਾਂ ਵੇਲੇ ਵਿਕਾਸ
ਦੇ ਵੱਡੇ ਦਮ ਮਾਰੇ ਸਨ, ਪਰ ਸੱਤਾ 'ਚ ਆਉਂਦਿਆਂ ਹੀ ਮੁੱਖ ਮੰਤਰੀ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜਿਸਦਾ ਖਾਮਿਆਜ਼ਾ ਇਸ ਵਕਤ ਪੂਰੇ ਸੂਬੇ ਦੇ ਲੋਕ ਭੁਗਤ ਰਹੇ ਹਨ।

ਵਿਧਾਇਕ ਰੋਜ਼ੀ ਬਰਕੰਦੀ ਨੇ ਕਿਹਾ ਕਿ ਵਿਭਾਗ ਵੱਲੋਂ ਲੱਖਾਂ ਰੁਪਏ ਦੀਆਂ ਰੋਬੋਟ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ, ਪਰ ਸ਼ਹਿਰ ਦੇ ਸੀਵਰੇਜ ਫ਼ਿਰ ਵੀ ਬੰਦ ਹਨ। ਬਰਸਾਤ ਦੇ ਦਿਨਾਂ ਵਿਚ ਸ਼ਹਿਰ ਡੁੱਬਣ ਕਿਨਾਰੇ ਪੁੱਜ ਜਾਂਦਾ ਹੈ, ਜਦੋਂਕਿ ਸਰਕਾਰ ਹੱਥ 'ਤੇ ਹੱਥ ਧਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪਹਿਲਾਂ ਹੀ ਕੰਮ ਧੰਦੇ ਚੌਪਟ ਹੋ ਚੁੱਕੇ ਹਨ, ਉਪਰੋਂ ਸੀਵਰੇਜ ਦਾ ਪਾਣੀ ਗਲੀਆਂ, ਮੁਹੱਲਿਆਂ ਵਿਚ ਜਮ੍ਹਾ ਹੈ, ਜਿਸ ਕਰਕੇ ਦੁਕਾਨਦਾਰੀ ਤੇ ਆਮ  ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਵਿਧਾਇਕ ਰੋਜ਼ੀ ਬਰਕੰਦੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਹੀ ਲੋਕ  ਹਿੱਤਾਂ ਲਈ ਤੱਤਪਰ ਰਹਿੰਦੀ ਹੈ ਤੇ ਸ਼ਹਿਰ ਵਾਸੀਆਂ ਨੂੰ ਇਸ ਮੁਸੀਬਤ 'ਚੋਂ ਕੱਡਣ ਲਈ ਵੀ ਪੂਰਾ ਜ਼ੋਰ ਲਗਾਇਆ ਜਾਵੇਗਾ।

ਇਸ ਮੌਕੇ ਧਰਨੇ ਵਿਚ ਪੁੱਜੇ ਅਕਾਲੀ ਆਗੂਆਂ, ਵਰਕਰਾਂ ਤੇ ਸ਼ਹਿਰ ਵਾਸੀਆਂ ਨੇ ਮੌਜੂਦਾ ਸਰਕਾਰ, ਪ੍ਰਸ਼ਾਸ਼ਨ ਖ਼ਿਲਾਫ਼ ਭਰਵੀ ਨਾਅਰੇਬਾਜ਼ੀ ਵੀ ਕੀਤੀ। ਧਰਨੇ ਦੌਰਾਨ ਮੌਕੇ 'ਤੇ ਪੁੱਜੇ ਐਸਸੀ ਜਗਤ ਜੋਤ ਗੋਇਲ ਵੱਲੋਂ ਵਿਧਾਇਕ ਰੋਜ਼ੀ  ਬਰਕੰਦੀ ਨੂੰ ਇਹ ਵਿਸ਼ਵਾਸ਼ ਦੁਆਇਆ ਗਿਆ ਕਿ 15 ਦਿਨਾਂ ਦੇ ਅੰਦਰ-ਅੰਦਰ ਸ਼ਹਿਰ ਦੇ ਸੀਵਰੇਜ ਸਿਸਟਮ ਦਾ ਪੁਖਤਾ ਹੱਲ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਹ ਧਰਨਾ ਸਮਾਪਤ  ਕਰ ਦਿੱਤਾ ਗਿਆ।

ਇਸ ਉਪਰੰਤ ਵਿਧਾਇਕ ਰੋਜ਼ੀ ਬਰਕੰਦੀ ਨੇ ਪ੍ਰਸ਼ਾਸ਼ਨ ਤੇ ਸਬੰਧਿਤ ਵਿਭਾਗ ਨੂੰ  ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 15 ਦਿਨਾਂ ਤੱਕ ਇਸ ਸਮੱਸਿਆ ਦਾ ਠੋਸ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਤੇ ਸੜਕਾਂ 'ਤੇ ਵੀ ਉਤਰਣਗੇ। ਇਸ ਮੌਕੇ ਸਟੇਜ ਸੰਚਾਲਨ ਵਿਧਾਇਕ ਦੇ ਸਿਆਸੀ ਸਕੱਤਰ ਬਿੰਦਰ ਗੋਨਿਆਣਾ ਨੇ ਕੀਤਾ। ਧਰਨੇ ਦੌਰਾਨ ਪਰਮਿੰਦਰ ਪਾਸ਼ਾ, ਹਰਪਾਲ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਪਰਮਜੀਤ ਕੌਰ ਬਰਾੜ, ਲੱਕੀ ਕਟਾਰੀਆ, ਛਿੰਦਰ ਕੌਰ ਪ੍ਰਧਾਨ, ਜਗਵੰਤ ਸਿੰਘ ਲੰਬੀਢਾਬ, ਰਾਮ  ਸਿੰਘ ਪੱਪੀ, ਸੁੱਖਾ ਐਮਸੀ, ਬਿੰਦਰ ਐਮਸੀ, ਅਮਨਦੀਪ ਮਹਾਸ਼ਾ, ਰਵਿੰਦਰ ਕਟਾਰੀਆ, ਸੁਰਿੰਦਰ ਛਿੰਦਾ, ਅਸ਼ੋਕ ਕੱਕੜ ਸਾਬਕਾ ਪ੍ਰਧਾਨ, ਲਾਡੀ ਬੱਤਰਾ, ਸਿੰਟੂ ਵੋਹਰਾ, ਸੰਜੀਵ ਧੂੜੀਆ ਤੋਂ ਇਲਾਵਾ ਵੱਖ-ਵੱਖ ਵਾਰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Harinder Kaur

This news is Content Editor Harinder Kaur