ਅਕਾਲੀ ਦਲ ਨੂੰ ਮਿਲੇ ਫੰਡ ਦੇ ਵੇਰਵੇ ਨਾਲ ਖੜ੍ਹਾ ਹੋਇਆ ਵਿਵਾਦ

10/04/2019 5:01:24 PM

ਜਲੰਧਰ (ਜ.ਬ.) : ਲੋਕ ਸਭਾ ਚੋਣਾਂ 'ਚ ਅਕਾਲੀ ਦਲ ਵਲੋਂ ਖਰਚੇ ਗਏ ਪੈਸਿਆਂ ਦਾ ਵੇਰਵਾ ਜਿਉਂ ਹੀ ਲੋਕ ਸਭਾ 'ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਪਾਰਟੀ ਸਵਾਲਾਂ ਦੇ ਘੇਰੇ 'ਚ ਘਿਰ ਗਈ ਹੈ ਕਿ ਆਖਿਰ ਸ਼੍ਰੋਮਣੀ ਅਕਾਲੀ ਦਲ ਕੀ ਅਸਲ 'ਚ ਇਕ ਰਾਜਨੀਤਕ ਪਾਰਟੀ ਹੀ ਹੈ ਜਾਂ ਫਿਰ ਇਹ ਬਾਦਲ ਪ੍ਰਾਈਵੇਟ ਕੰਪਨੀ ਹੈ, ਜਿਸ 'ਚ ਹਰ ਫੈਸਲਾ ਲੈਣ ਤੋਂ ਲੈ ਕੇ ਪਾਰਟੀ ਫੰਡ ਕਿੱਥੇ ਖਰਚ ਕਰਨਾ ਹੈ, ਇਸ ਦਾ ਫੈਸਲਾ ਵੀ ਸਿਰਫ ਬਾਦਲ ਪਰਿਵਾਰ ਹੀ ਲੈ ਸਕਦਾ ਹੈ? ਇਹ ਸਾਰਾ ਵਿਵਾਦ ਅਸਲ 'ਚ ਇਸ ਲਈ ਖੜ੍ਹਾ ਹੋਇਆ ਕਿਉਂਕਿ ਪਾਰਟੀ ਵਲੋਂ ਪੇਸ਼ ਕੀਤੀ ਗਈ ਖਰਚਾ ਰਿਪੋਰਟ 'ਚ ਦੱਸਿਆ ਗਿਆ ਕਿ ਲੋਕ ਸਭਾ ਚੋਣਾਂ 2019 'ਚ ਪਾਰਟੀ ਫੰਡ 'ਚੋਂ ਤਕਰੀਬਨ 81 ਲੱਖ ਰੁਪਏ ਸਿਰਫ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੁਹਿੰਮ ਚਲਾਉਣ ਲਈ ਦਿੱਤੇ ਗਏ। ਇਸ 'ਚੋਂ 40.89 ਲੱਖ ਰੁਪਏ ਪਾਰਟੀ ਫੰਡ 'ਚੋਂ ਹਰਸਿਮਰਤ ਕੌਰ ਬਾਦਲ ਨੂੰ ਦਿੱਤੇ ਗਏ, ਜਦੋਂਕਿ 40 ਲੱਖ ਰੁਪਏ ਸੁਖਬੀਰ ਬਾਦਲ ਨੂੰ ਜਾਰੀ ਕੀਤੇ ਗਏ ਸਨ।

ਅਕਾਲੀ ਦਲ ਵਲੋਂ ਪੰਜਾਬ ਦੀਆਂ 13 ਸੀਟਾਂ 'ਚੋਂ 10 'ਤੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਗਏ ਸਨ ਪਰ ਉਨ੍ਹਾਂ 'ਚੋਂ ਸਿਰਫ ਸੁਖਬੀਰ (ਫਿਰੋਜ਼ਪੁਰ) ਅਤੇ ਹਰਸਿਮਰਤ (ਬਠਿੰਡਾ) ਤੋਂ ਸੰਸਦ ਮੈਂਬਰ ਦੇ ਤੌਰ 'ਤੇ ਲੋਕ ਸਭਾ 'ਚ ਪਹੁੰਚੇ। ਪਾਰਟੀ ਵਲੋਂ ਇਨ੍ਹਾਂ ਆਗੂਆਂ ਨੂੰ ਤਕਰੀਬਨ 81 ਲੱਖ ਰੁਪਏ ਪਾਰਟੀ ਫੰਡ 'ਚੋਂ ਜਾਰੀ ਕਰਨ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੂੰ ਇਕ ਪੈਸਾ ਵੀ ਜਾਰੀ ਨਹੀਂ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਪਾਰਟੀ ਚੌਤਰਫਾ ਘਿਰਦੀ ਨਜ਼ਰ ਆ ਰਹੀ ਹੈ। ਹੋਰ ਵਿਰੋਧੀ ਪਾਰਟੀਆਂ ਵਲੋਂ ਅਕਾਲੀ ਦਲ 'ਤੇ ਹਮਲੇ ਸ਼ੁਰੂ ਹੋ ਗਏ ਹਨ ਕਿ ਅਸਲ 'ਚ ਪਾਰਟੀ ਜਮਹੂਰੀ ਢੰਗ ਨਾਲ ਕੰਮ ਨਹੀਂ ਕਰ ਰਹੀ। ਇਹ ਸਿੱਧੇ ਤੌਰ 'ਤੇ ਬਾਦਲ ਪਰਿਵਾਰ ਦੀ ਪ੍ਰਾਈਵੇਟ ਕੰਪਨੀ ਬਣ ਚੁੱਕੀ ਹੈ।

ਪਾਰਟੀ ਆਗੂਆਂ ਨੂੰ ਬਾਦਲ ਤੋਂ ਸਵਾਲ ਪੁੱਛਣੇ ਚਾਹੀਦੇ ਹਨ : ਆਮ ਆਦਮੀ ਪਾਰਟੀ
ਮਾਮਲੇ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਕਾਲੀ ਦਲ ਅਸਲ ਵਿਚ ਬਾਦਲ ਪਰਿਵਾਰ ਦੀ ਪ੍ਰਾਈਵੇਟ ਕੰਪਨੀ ਬਣ     ਚੁੱਕੀ ਹੈ। ਇਸ ਲਈ ਇਸ ਪਾਰਟੀ 'ਚ ਜਮਹੂਰੀ ਹੱਕਾਂ ਦੀ ਗੱਲ ਕਰਨੀ ਫਜ਼ੂਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਨ੍ਹਾਂ 8 ਹੋਰ ਲੋਕ ਸਭਾ ਉਮੀਦਵਾਰਾਂ ਨੂੰ ਪਾਰਟੀ ਤੋਂ ਸਵਾਲ ਪੁੱਛਣੇ ਚਾਹੀਦੇ ਹਨ ਕਿ ਕੀ ਪਾਰਟੀ ਫੰਡ ਸਿਰਫ ਬਾਦਲ ਪਰਿਵਾਰ ਲਈ ਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਢੀਂਡਸਾ ਜਿਹੇ ਉਮੀਦਵਾਰਾਂ ਨੂੰ ਧੱਕੇ ਨਾਲ ਨਾ ਚਾਹੁੰਦਿਆਂ ਹੋਇਆਂ ਵੀ ਮੈਦਾਨ ਵਿਚ ਉਤਾਰਿਆ ਅਤੇ ਫਿਰ ਇਕ ਪੈਸਾ ਵੀ ਪਾਰਟੀ ਫੰਡ 'ਚੋਂ ਨਹੀਂ ਦਿੱਤਾ। ਇਸ ਕਾਰਨ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ।

ਅਕਾਲੀ ਦਲ 'ਚ ਬਾਦਲਾਂ ਤੋਂ ਇਲਾਵਾ ਕਿਸੇ ਹੋਰ ਦਾ ਕੋਈ ਵਜ਼ੂਦ ਨਹੀਂ ਹੈ : ਡਿੰਪਾ
ਮਾਮਲੇ ਬਾਰੇ ਕਾਂਗਰਸ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਕਹਿਣਾ ਹੈ ਕਿ ਇਹ ਗੱਲ ਜਗ ਜ਼ਾਹਿਰ ਹੈ ਕਿ ਅਕਾਲੀ ਦਲ 'ਚ ਬਾਦਲਾਂ ਤੋਂ ਇਲਾਵਾ ਕਿਸੇ ਦਾ ਕੋਈ ਵਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਚ ਕਿਸ ਨੂੰ ਕੀ ਮਿਲਣਾ ਹੈ ਇਸ ਦਾ ਫੈਸਲਾ ਬਾਦਲ ਪਰਿਵਾਰ ਦੇ ਹੱਥ 'ਚ ਹੈ, ਇਸ ਲਈ ਫੰਡ ਵੀ ਉਨ੍ਹਾਂ ਦੀ ਝੋਲੀ 'ਚ ਹੀ ਜਾਣਾ ਹੈ।

ਪਾਰਟੀ ਦਾ ਅੰਦਰੂਨੀ ਮਾਮਲਾ ਹੈ : ਚੀਮਾ
ਮਾਮਲੇ ਬਾਰੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਾਰਟੀ ਫੰਡ ਨੂੰ ਕਿੱਥੇ ਖਰਚ ਕਰਨਾ ਹੈ, ਹੋਰ ਅਹਿਮ ਫੈਸਲੇ ਪਾਰਟੀ ਕੋਰ ਕਮੇਟੀ ਦੀ ਸਹਿਮਤੀ ਨਾਲ ਹੁੰਦੇ ਹਨ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਸੁਖਬੀਰ ਅਤੇ ਹਰਸਿਮਰਤ ਬਾਦਲ ਨੂੰ ਜਿਤਾਉਣਾ ਪਾਰਟੀ ਲਈ ਪ੍ਰੈਸਟੀਜ਼ ਦਾ ਸਵਾਲ ਸੀ। ਇਸ ਲਈ ਉਨ੍ਹਾਂ ਨੂੰ ਫੰਡ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਵਾਲ ਉਠਾਉਣਾ ਗਲਤ ਗੱਲ ਹੈ। ਪਾਰਟੀ ਸਾਰੇ ਉਮੀਦਵਾਰਾਂ ਨੂੰ ਬਣਦੀ ਮਦਦ ਪਹੁੰਚਾਉਂਦੀ ਰਹਿੰਦੀ ਹੈ।

Anuradha

This news is Content Editor Anuradha