ਪੱਤਰਕਾਰ ਗੁਰਨਾਮ ਸਿੱਧੂ ''ਤੇ ਹੋਏ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਿਖ਼ੇਧੀ

08/13/2020 5:43:14 PM

ਫਿਰੋਜ਼ਪੁਰ (ਹਰਚਰਨ ਸਿੰਘ.ਬਿੱਟੂ) : ਬੀਤੇ ਕੱਲ ਫਿਰੋਜ਼ਪੁਰ ਦੇ ਪ੍ਰੈਸ ਕਲੱਬ 'ਚ ਨਾਮਵਰ ਪੱਤਰਕਾਰ ਗੁਰਨਾਮ ਗਾਮਾ ਸਿੱਧੂ 'ਤੇ ਹੋਏ ਕਾਤਲਾਨਾ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਜਾਰੀ ਕੀਤੇ ਇਕ ਬਿਆਨ 'ਚ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਦਿਨ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਆਈ ਹੈ, ਸਮਾਜ ਦੀ ਤੀਜੀ ਅੱਖ ਵਜੋਂ ਜਾਣੇ ਜਾਂਦੇ ਪੱਤਰਕਾਰਾਂ 'ਤੇ ਬਹੁਤ ਸਾਰੇ ਆਜਿਹੇ ਕਾਤਲਾਨਾ ਹਮਲੇ ਹੋਏ ਹਨ, ਜਿਸ ਨਾਲ ਬਹੁਤ ਸਾਰਿਆਂ ਦੀਆਂ ਕੀਮਤਾਂ ਜਾਨਾਂ ਵੀ ਜਾ ਚੁਕੀਆਂ ਹਨ। ਸਰਕਾਰ ਨੇ ਪੱਤਰਕਾਰਾਂ ਦੀ ਸੁਰੱਖਿਆ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ, ਜਿਸ ਕਰਕੇ ਸਮਾਜ ਵਿੱਚ ਦਹਿਸ਼ਤ ਫੈਲਾਉਣ ਵਾਲੇ ਗੁੰਡਾ ਅਨਸਰਾਂ ਵਲੋ ਵਾਰ-ਵਾਰ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਪੁਲਸ ਮੁਖੀ ਵੀ ਇਸ ਸਬੰਧੀ ਕੋਈ ਸੁਹਿਰਦ ਕਦਮ ਚੁੱਕਣ ਤੋਂ ਝਿਜਕ ਮਹਿਸੂਸ ਕਰ ਰਹੇ ਹਨ ਕਿਉਂਕਿ ਬੀਤੇ ਕੁਝ ਮਹੀਨਿਆਂ ਤੋਂ ਮੀਡੀਆ ਨੇ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਜਿਸ ਤੋਂ ਸਰਕਾਰ ਘਬਰਾ ਚੁੱਕੀ ਹੈ ਅਤੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਸਰਦਾਰ ਬਰਾੜ ਨੇ ਗਾਮਾ ਸਿੱਧੂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਜ਼ਿਲ੍ਹਾ ਪੁਲਸ ਮੁਖੀ ਨੂੰ ਇਸ ਕਾਂਡ ਦੇ ਦੋਸ਼ੀਆਂ ਨੂੰ ਤਰੁੰਤ ਗਿਰਫਤਾਰ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਹੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਵੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਪ੍ਰੈੱਸ ਕਲੱਬ 'ਚ ਪੱਤਰਕਾਰ 'ਤੇ ਹਮਲਾ, ਕੀਤਾ ਲਹੂ-ਲੁਹਾਣ

ਇਹ ਸੀ ਮਾਮਲਾ 
10- 15 ਅਣਪਛਾਤੇ ਵਿਅਕਤੀਆ ਵਲੋਂ ਮਸ਼ਹੂਰ ਗੀਤਕਾਰ ਅਤੇ ਪ੍ਰੈਸ ਕਲੱਬ ਦੇ ਮੈਂਬਰ ਗੁਰਨਾਮ ਸਿੰਘ ਸਿੱਧੂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਨਾਲ ਗੁਰਨਾਮ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨਾਮ ਸਿੱਧੂ ਆਪਣੇ ਘਰ ਵਿਚ ਸੀ ਤਾਂ ਉਸ ਨੂੰ ਰੈੱਡ ਕਰਾਸ ਦੇ ਮੁਲਾਜ਼ਮ ਵਲੋਂ ਫੋਨ ਕਰਕੇ ਪ੍ਰੈਸ ਕਲੱਬ ਆਉਣ ਲਈ ਕਿਹਾ ਅਤੇ ਜਦੋਂ ਗੁਰਨਾਮ ਸਿੱਧੂ ਪ੍ਰੈਸ ਕਲੱਬ ਪਹੁੰਚਿਆ ਤਾਂ ਉਕਤ ਵਿਅਕਤੀਆ ਨੇ ਗੁਰਨਾਮ 'ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਸ਼ਰਾਰਤੀ ਅਨਸਰਾਂ ਨੇ ਰਾਤ ਸਮੇਂ ਘਰ 'ਚ ਦਾਖ਼ਲ ਹੋ ਕੇ ਕੀਤੀ ਭੰਨ੍ਹ-ਤੋੜ  

Anuradha

This news is Content Editor Anuradha