SAD ਵੱਲੋਂ ਚੋਣ ਕਮਿਸ਼ਨ ਦਾ ਰੁਖ਼, ਬਿਕਰਮ ਮਜੀਠੀਆ ਦੀ ਰਿਹਾਇਸ਼ ’ਤੇ ਗੈਰ-ਕਾਨੂੰਨੀ ਛਾਪਿਆਂ ਦੀ ਕੀਤੀ ਸ਼ਿਕਾਇਤ

01/27/2022 9:41:41 PM

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਹਲਕਾ ਅੰਮ੍ਰਿਤਸਰ ਪੂਰਬੀ ਤੇ ਹਲਕਾ ਮਜੀਠਾ ਤੋਂ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ’ਤੇ ਪੰਜਾਬ ਪੁਲਸ ਵੱਲੋਂ ਗੈਰ-ਕਾਨੂੰਨੀ ਛਾਪਿਆਂ ਤੇ ਗੈਰ-ਕਾਨੂੰਨੀ ਤਲਾਸ਼ੀ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਅੱਜ ਇਸ ਬਾਬਤ ਸ਼ਿਕਾਇਤ ਪਾਰਟੀ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਂ ’ਤੇ ਸੂਬਾਈ ਚੋਣ ਅਫਸਰ ਡਾ. ਐੱਸ ਕਰੁਣਾ ਰਾਜੂ ਨੂੰ ਸੌਂਪੀ। ਸ਼ਿਕਾਇਤ ’ਚ ਡਾ. ਚੀਮਾ ਨੇ ਦੱਸਿਆ ਕਿ 24 ਜਨਵਰੀ 2022 ਨੂੰ ਡਾਇਰੈਕਟਰ ਬੀ. ਓ. ਆਈ. ਬੀ. ਚੰਦਰ ਸ਼ੇਖਰ ਦੇ ਹੁਕਮਾਂ ’ਤੇ ਪੰਜਾਬ ਪੁਲਸ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ ’ਚ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ’ਤੇ ਕਈ ਵਾਰ ਗੈਰ-ਕਾਨੂੰਨੀ ਛਾਪੇਮਾਰੀ ਕੀਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਕੋਰੋਨਾ ਪੀੜਤ ਉਨ੍ਹਾਂ ਦੀ ਪਤਨੀ ਤੇ 8 ਸਾਲਾ ਪੁੱਤਰ ਨੂੰ ਵੀ ਤੰਗ-ਪ੍ਰੇਸ਼ਾਨ ਕੀਤਾ। ਇਸ ਛਾਪੇਮਾਰੀ ਦੀ ਵੀਡੀਓ ਵੀ ਸ਼ਿਕਾਇਤ ਦੇ ਨਾਲ ਨੱਥੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਅਹਿਮ ਬਿਆਨ, ਕਿਹਾ-ਕਾਂਗਰਸੀ ਕਾਰਕੁਨਾਂ ਤੋਂ ਪੁੱਛ ਕੇ ਤੈਅ ਕਰਾਂਗੇ CM ਦਾ ਚਿਹਰਾ

ਡਾ. ਚੀਮਾ ਨੇ ਕਿਹਾ ਕਿ ਪੰਜਾਬ ਪੁਲਸ ਦੀ ਇਹ ਕਾਰਵਾਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 10 ਜਨਵਰੀ 2022 ਨੂੰ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਅੰਤ੍ਰਿਮ ਰਾਹਤ ਅਤੇ 24.1.22 ਦੇ ਹੁਕਮਾਂ ਜਦੋਂ ਜ਼ਮਾਨਤ ਅਰਜ਼ੀ ਦਾ ਨਿਪਟਾਰਾ ਕੀਤਾ ਗਿਆ ਤੇ ਦਿੱਤੇ ਅਦਾਲਤੀ ਹੁਕਮਾਂ ਦੀ ਘੋਰ ਉਲੰਘਣਾ ਹੈ। 24 ਜਨਵਰੀ ਨੂੰ ਅਦਾਲਤ ਨੇ ਮਜੀਠੀਆ ਨੂੰ ਸੁਪਰੀਮ ਕੋਰਟ ਪਹੁੰਚ ਕਰਨ ਵਾਸਤੇ ਸਮਾਂ ਦੇ ਕੇ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਸੀ। ਅਦਾਲਤ ਵੱਲੋਂ ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰਨ ਲਈ ਸਮਾਂ ਦੇ ਕੇ ਗ੍ਰਿਫ਼ਤਾਰੀ ’ਤੇ ਰੋਕ ਜਾਰੀ ਰੱਖਣ ਦਾ ਹੁਕਮ ਪੰਜਾਬ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੀ. ਚਿਦਾਂਬਰਮ, ਪੰਜਾਬ ਦੇ ਐਡਵੋਕੇਟ ਜਨਰਲ ਡੀ. ਐੱਸ. ਪਟਵਾਲੀਆ ਤੇ ਸੀਨੀਅਰ ਡੀ. ਏ. ਜੀ. ਗੌਰਵ ਗਰਗ ਧੂਰੀਵਾਲਾ ਦੀ ਹਾਜ਼ਰੀ ਵਿਚ ਜਾਰੀ ਕੀਤਾ ਗਿਆ ਸੀ। ਇਹ ਗੱਲ ਅਖ਼ਬਾਰਾਂ ’ਚ ਪ੍ਰਮੁੱਖ ਤੌਰ ’ਤੇ ਛਾਪੀ ਵੀ ਗਈ ਸੀ ਪਰ ਇਸ ਦੇ ਬਾਵਜੂਦ ਪੰਜਾਬ ਪੁਲਸ ਨੇ ਅਦਾਲਤ ਦੇ ਅੰਤਿਮ ਹੁਕਮਾਂ ਦੀ ਉਡੀਕ ਕੀਤੇ ਬਗੈਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜੋ ਆਪਣੇ ਚਹੇਤੇ ਅਫ਼ਸਰ ਬੀ. ਚੰਦਰ ਸ਼ੇਖਰ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ, ਦੇ ਸਿਆਸੀ ਦਬਾਅ ਹੇਠ ਗੈਰ-ਕਾਨੂੰਨੀ ਛਾਪੇਮਾਰੀ ਕੀਤੀ। ਸ਼ਿਕਾਇਤ ’ਚ ਦੱਸਿਆ ਗਿਆ ਕਿ ਬੀ. ਚੰਦਰਸ਼ੇਖਰ ਨੂੰ ਮੌਜੂਦਾ ਤਾਇਨਾਤੀ ਚੋਣ ਜ਼ਾਬਤਾ ਲਾਗੂ ਹੋਣ ਤੋਂ ਐਨ ਪਹਿਲਾਂ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਜਲੰਧਰ ’ਚ ਪਹੁੰਚੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ-ਪੰਜਾਬ ਸਾਡੇ ਲਈ ਸੂਬਾ ਨਹੀਂ ਸਗੋਂ ਵਿਚਾਰਧਾਰਾ

ਸ਼ਿਕਾਇਤ ਵਿਚ ਦੱਸਿਆ ਗਿਆ ਕਿ ਪੰਜਾਬ ਪੁਲਸ ਨੇ ਸੱਤਾਧਾਰੀ ਪਾਰਟੀ ਦੀ ਸਿਆਸੀ ਬਦਲਾਖੋਰੀ ਦੀ ਨੀਤੀ ਮੁਤਾਬਕ ਬਿਕਰਮ ਸਿੰਘ ਮਜੀਠੀਆ ਦੇ ਘਰ ’ਤੇ ਛਾਪਾ ਮਾਰਿਆ, ਜਿਸ ਦਾ ਇਕਲੌਤਾ ਮਕਸਦ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ 2022 ਲਈ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਦਾ ਸੀ। ਡਾ. ਚੀਮਾ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਮਜੀਠੀਆ ਇਸ ਵਾਰ ਆਪਣੇ ਹਲਕੇ ਮਜੀਠਾ ਤੋਂ ਇਲਾਵਾ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖ਼ਿਲਾਫ਼ ਵੀ ਚੋਣ ਲੜ ਰਹੇ ਹਨ। ਪੰਜਾਬ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਮਾਣਹਾਨੀ ਹੈ। ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਪੰਜਾਬ ਪੁਲਸ, ਬੀ. ਓ. ਆਈ. ਵੱਲੋਂ ਆਪਣੇ ਸਿਆਸੀ ਆਕਾਵਾਂ ਦੀ ਪੁਸ਼ਤਪਨਾਹੀ ਹੇਠ ਇਕ ਵਿਅਕਤੀ ਦੇ ਮੌਲਿਕ ਅਧਿਕਾਰਾਂ ’ਤੇ ਡਾਕਾ ਮਾਰਨ ਦੀ ਗੰਭੀਰ ਕੋਤਾਹੀ ਨੂੰ ਵੇਖਦਿਆਂ ਇਸ ਮਾਮਲੇ ਵਿਚ ਸਖਤ ਕਾਰਵਾਈ ਕੀਤੀ ਜਾਵੇ। ਇਹ ਸੂਬੇ ’ਚ ਚਲ ਰਹੀਆਂ ਚੋਣਾਂ ਆਜ਼ਾਦ ਤੇ ਨਿਰਪੱਖ ਕਰਵਾਉਣ ਲਈ ਵੀ ਗੰਭੀਰ ਖ਼ਤਰਾ ਹਨ। ਪਾਰਟੀ ਨੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ।

Manoj

This news is Content Editor Manoj