ਸਾਕਾ 1919 : ਮੁਲਕ ਰਾਜ ਆਨੰਦ ਅਤੇ ਭਾਈ ਸੁੰਦਰ ਸਿੰਘ ਦੀ ਦੋਸਤੀ

04/11/2020 5:17:34 PM

ਜਗਬਾਣੀ ਸਾਹਿਤ ਵਿਸ਼ੇਸ਼


ਲੇਖਕ : ਹਰਪ੍ਰੀਤ ਸਿੰਘ ਕਾਹਲੋਂ 

ਕੂਚਾ ਤਰਖ਼ਾਣਾਂ ਦੀ ਗਲੀ ‘ਚ ਦੋ ਘਰ ਸਨ।ਇੱਕ ਘਰ ਭਾਈ ਗਿਆਨ ਸਿੰਘ ਨੱਕਾਸ਼ ਦਾ ਸੀ।ਦੂਜਾ ਘਰ ਮੁਲਕ ਰਾਜ ਆਨੰਦ ਦਾ ਸੀ।ਭਾਈ ਗਿਆਨ ਸਿੰਘ ਨੱਕਾਸ਼ ਸ਼੍ਰੀ ਹਰਿਮੰਦਰ ਸਾਹਿਬ ਦੀ ਕੰਧਾਂ ਦੀ ਫ੍ਰੈਸਕੋ ਕਰਦੇ ਸਨ ਅਤੇ ਉਹਨਾਂ ਜ਼ਮਾਨਿਆਂ ਦੇ ਨਾਮੀ ਚਿੱਤਰਕਾਰ ਸਨ।ਮੁਲਕ ਰਾਜ ਆਨੰਦ ਅੰਗਰੇਜ਼ੀ ਜ਼ੁਬਾਨ ਦੇ ਅਦੀਬ ਸਨ।ਜਲਿ੍ਹਆਂਵਾਲ਼ੇ ਬਾਗ਼ ਦਾ ਬਿਆਨ ਉਹਨਾਂ ਦੇ ਨਾਵਲ ‘ਮੋਰਨਿੰਗ ਫੇਸ’ ‘ਚ ਹੈ।1919 ਦੇ ਦਿਨਾਂ ‘ਚ ਉਹ ਅੰਮ੍ਰਿਤਸਰ ਪੜ੍ਹਦੇ ਸਨ। ਕੂਚਾ ਤਰਖ਼ਾਣਾਂ ਤੋਂ ਜਲਿ੍ਹਆਂਵਾਲ਼ੇ ਬਾਗ਼ ਦੀ ਦੂਰੀ 10 ਕੁ ਮਿੰਟ ਦੀ ਸੀ।ਭਾਈ ਗਿਆਨ ਸਿੰਘ ਨੱਕਾਸ਼ ਦੇ ਪੁੱਤਰ ਭਾਈ ਸੁੰਦਰ ਸਿੰਘ ਅਤੇ ਮੁਲਕ ਰਾਜ ਆਨੰਦ ਦੀ ਇੱਕੋ ਮੁਹੱਲੇ ਦਾ ਸਹਿਚਾਰ ਹੋਣ ਕਰਕੇ ਦੋਸਤੀ ਸੀ।

PunjabKesari

ਭਾਈ ਸੁੰਦਰ ਸਿੰਘ ਦੇ ਭਰਾ ਜੀ.ਐੱਸ ਸੋਹਣ ਸਿੰਘ ਵੀ ਆਪਣੇ ਜ਼ਮਾਨੇ ‘ਚ ਨਾਮੀ ਚਿੱਤਰਕਾਰ ਰਹੇ ਹਨ।ਜੀ.ਐੱਸ ਸੋਹਣ ਸਿੰਘ ਦੇ ਪੁੱਤਰ ਸਤਪਾਲ ਦਾਨਿਸ਼ ਦੱਸਦੇ ਹਨ ਕਿ ਰਿਸ਼ਤੇ ‘ਚ ਮੇਰੇ ਚਾਚਾ ਭਾਈ ਸੁੰਦਰ ਸਿੰਘ ਬਾਰੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਉਹਨਾਂ ਦੀ ਚਿੱਤਰਕਾਰੀ ਬਹੁਤ ਪਿਆਰੀ ਅਤੇ ਮਹੀਨ ਤਰਾਸ਼ ਦੀ ਸੀ।1919 ਦੀ ਖ਼ੂਨੀ ਵਿਸਾਖੀ ਨੂੰ ਭਾਈ ਸੁੰਦਰ ਸਿੰਘ ਆਪਣੇ ਵੱਡੇ ਭਰਾ ਜਗਤ ਸਿੰਘ ਅਤੇ ਪਿਤਾ ਭਾਈ ਗਿਆਨ ਸਿੰਘ ਨੱਕਾਸ਼ ਹੁਣਾਂ ਨਾਲ ਬਾਗ਼ ‘ਚ ਹੋ ਰਹੇ ਜਲਸੇ ‘ਚ ਸ਼ਾਮਲ ਹੋਏ।ਸ਼ਾਮੀ 5 ਵਜੇ ਡਾਇਰ ਵੱਲੋਂ ਚਲਾਈਆਂ ਗੋਲ਼ੀਆਂ ਨਾਲ ਸਭ ਕੁਝ ਬਦਲ ਗਿਆ।ਲਾਸ਼ਾਂ ਦੇ ਢੇਰ,ਮਾਰਸ਼ਲ ਲਾਅ ਅਤੇ ਆਪਣਿਆਂ ਦੀਆਂ ਲੋਥਾਂ ਹੀ ਬਚੀਆਂ ਸਨ।ਸਤਪਾਲ ਦਾਨਿਸ਼ ਕਹਿੰਦੇ ਹਨ ਕਿ ਉਹਨਾਂ ਦਿਨਾਂ ‘ਚੋਂ ਉੱਭਰਣ ਲਈ ਉਹਨਾਂ ਦੇ ਪਰਿਵਾਰ ਨੂੰ ਬੜਾ ਸਮਾਂ ਲੱਗਿਆ।

ਦਾਨਿਸ਼ ਹੁਣਾਂ ਮੁਤਾਬਕ ਗੋਲੀਬਾਰੀ ਦੌਰਾਨ ਦਾਦਾ ਜੀ ਅਤੇ ਉਹਨਾਂ ਦੇ ਦੋਵੇਂ ਪੁੱਤਰ ਆਪਸ ‘ਚ ਵਿਛੜ ਗਏ ਸਨ।ਜਗਤ ਸਿੰਘ ਅਤੇ ਦਾਦਾ ਜੀ ਤਾਂ ਬਾਹਰ ਨਿਕਲਣ ‘ਚ ਸਫਲ ਰਹੇ ਪਰ ਭਾਈ ਸੁੰਦਰ ਸਿੰਘ ਗੋਲੀ ਦਾ ਸ਼ਿਕਾਰ ਹੋ ਗਏ।ਜਲਿ੍ਹਆਂਵਾਲ਼ੇ ਬਾਗ਼ ‘ਚ ਲਾਸ਼ਾਂ ਹੀ ਲਾਸ਼ਾਂ ਅਤੇ ਉਹਨਾਂ ਲਾਸ਼ਾਂ ‘ਚੋਂ ਆਪਣੇ ਨੂੰ ਪਛਾਨਣਾ ਅਤੇ ਕੱਢਣਾ ਬੜਾ ਔਖਾ ਸੀ।ਭਾਈ ਸੁੰਦਰ ਸਿੰਘ 17 ਸਾਲ ਦੀ ਉੱਮਰ ‘ਚ ਸ਼ਹੀਦ ਹੋਏ।ਉਹਨਾਂ ਦਿਨਾਂ ‘ਚ ਪਰਿਵਾਰ ਕੋਲ ਸਸਕਾਰ ਕਰਨ ਨੂੰ ਵੀ ਪੈਸੇ ਨਹੀਂ ਸਨ।150 ਰੁਪਏ ਦਾ ਕਰਜ਼ ਲੈਕੇ ਸਸਕਾਰ ਦੀ ਰਸਮਾਂ ਪੂਰੀਆਂ ਕੀਤੀਆਂ।ਅਗਲੇ ਸਾਲ ਤੱਕ ਬਰਤਾਨਵੀ ਭਾਰਤੀ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਆਇਆ।3716 ਰੁਪਏ ਦੇ ਮੁਆਵਜ਼ੇ ਤੋਂ ਬਾਅਦ ਉਹ ਕਰਜ਼ਾ ਉਤਾਰਿਆ ਗਿਆ ਪਰ ਭਾਈ ਸੁੰਦਰ ਸਿੰਘ ਹੁਣਾਂ ਦੀ ਇੱਕ ਚਿੱਤਰਕਾਰ ਦੇ ਤੌਰ ‘ਤੇ,ਪਰਿਵਾਰ ਦੇ ਮੈਂਬਰ ਦੇ ਤੌਰ ‘ਤੇ ਘਾਟ ਹਮੇਸ਼ਾ ਰਹੇਗੀ। ਸਤਪਾਲ ਦਾਨਿਸ਼ ਕਹਿੰਦੇ ਹਨ ਕਿ ਹਰ ਵਿਸਾਖੀ ਉਹਨਾਂ ਦੀ ਯਾਦ ਅਕਸਰ ਮਨ ਨੂੰ ਠਕੋਰਦੀ ਹੈ ਅਤੇ ਉਦਾਸੀ ਪਸਰ ਜਾਂਦੀ ਹੈ।

ਸਰਦਾਰ ਦੁਰਗਾ ਸਿੰਘ ਉਰਫ ਸਰਦਾਰ ਪ੍ਰੇਮ ਸਿੰਘ 
ਸਰਦਾਰ ਦੁਰਗਾ ਸਿੰਘ ਡਾ ਕਿਚਲੂ ਦੀ ਅਗਵਾਈ ‘ਚ ਅੰਮ੍ਰਿਤਸਰ ਸਰਗਰਮ ਸਨ।ਉਹਨਾਂ ਦਿਨਾਂ ‘ਚ ਡਾ ਕਿਚਲੂ ਅਤੇ ਡਾ ਸੱਤਿਆਪਾਲ ਦੀ ਗ੍ਰਿਫਤਾਰੀ ਤੋਂ ਬਾਅਦ 13 ਅਪ੍ਰੈਲ 1919 ਨੂੰ ਉਹ ਵੀ ਜਲਿ੍ਹਆਂਵਾਲ਼ੇ ਬਾਗ਼ ਦੇ ਜਲਸੇ ‘ਚ ਸ਼ਾਮਲ ਹੋਏ।18 ਸਾਲਾਂ ਦੁਰਗਾ ਸਿੰਘ ਬਾਗ਼ ਵਿੱਚ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਸਨ।ਦੁਰਗਾ ਸਿੰਘ ਜਲਿ੍ਹਆਂਵਾਲ਼ੇ ਬਾਗ਼ ‘ਚ ਵੱਡੇ ਇੱਕਠ ਲਈ ਜਲ ਦੀ ਸੇਵਾ ਕਰ ਰਹੇ ਸਨ ਜਦੋਂ ਉਹ ਡਾਇਰ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ।ਇਸ ਸਾਕੇ ‘ਚ ਦੁਰਗਾ ਸਿੰਘ ਜ਼ਖ਼ਮੀ ਹੋ ਗਏ।ਦੁਰਗਾ ਸਿੰਘ ਫੌਜ ਦੇ ਜਾਣ ਤੋਂ ਬਾਅਦ ਜ਼ਖ਼ਮੀ ਹਾਲਤ 'ਚ ਜਦੋਂ ਬਾਹਰ ਨੂੰ ਆਏ ਤਾਂ ਕੱਟੜਾ ਆਹਲੂਵਾਲੀਆ ਤੋਂ ਅੰਗਰੇਜ਼ਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ।ਗ੍ਰਿਫਤਾਰੀ ਤੋਂ ਬਾਅਦ ਦੁਰਗਾ ਸਿੰਘ ਨੂੰ ਬਰਤਾਨਵੀ ਸਰਕਾਰ ਦੀ ਦਮਨਕਾਰੀ ਕਾਰਵਾਈ ‘ਚ ਦੋ ਸਾਲ ਦੀ ਸਜ਼ਾ ਵੀ ਹੋਈ।

PunjabKesari

PunjabKesari
ਅਜ਼ਾਦੀ ਦੇ ਘੋਲ ‘ਚ ਉਹਨਾਂ ਦੇ ਯੋਗਦਾਨ ਨੂੰ ਵੇਖਦਿਆਂ 15 ਅਗਸਤ 1972 ਨੂੰ ਤਾਮਰ ਪੱਤਰ ਦਿੱਤਾ ਗਿਆ।16 ਅਗਸਤ 1979 ਨੂੰ ਦੁਰਗਾ ਸਿੰਘ ਉਰਫ ਪ੍ਰੇਮ ਸਿੰਘ ਸਦੀਵੀ ਵਿਛੋੜਾ ਦੇ ਗਏ।ਅਜ਼ਾਦੀ ਘੁਲਾਟੀਏ ਕਵੀ ਵੀਰ ਸਿੰਘ ਵੀਰ ਉਹਨਾਂ ਦੇ ਭਰਾ ਸਨ ਜੋ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਨਾਲ ਉਹਨਾਂ ਦੇ ਆਖਰੀ ਵੇਲੇ ਨਾਲ ਸਨ।ਪ੍ਰੇਮ ਸਿੰਘ ਦੇ ਪਰਿਵਾਰ ‘ਚ ਪਿੱਛੇ ਉਹਨਾਂ ਦੀਆਂ 3 ਧੀਆਂ ਸਨ ਅਤੇ ਇਸ ਵੇਲੇ ਕੱਟੜਾ ਦਲ ਸਿੰਘ ‘ਚ ਉਹਨਾਂ ਦੇ ਭਤੀਜੇ ਪ੍ਰੇਮ ਸਿੰਘ ਭਾਟੀਆ ਦਲੇਰ ਖ਼ਾਲਸਾ ਅਖ਼ਬਾਰ ਚਲਾਉਂਦੇ ਹਨ।

ਸ਼ਹੀਦਾਂ ਨੂੰ ਜਦੋਂ ਪਛਾਣ ਮਿਲੀ
2001 ਨੂੰ ਭਾਰਤੀ ਸੰਵਿਧਾਨ ਨੇ ਜਨਹਿੱਤ ‘ਚ ਪਟੀਸ਼ਨ ਪਾਉਣ ਦਾ ਬੰਦੋਬਸਤ ਕੀਤਾ।ਇਹਦਾ ਫਾਇਦਾ 10 ਜਨਵਰੀ 2008 ‘ਚ ਮਾਲਵਿੰਦਰ ਸਿੰਘ ਵੜੈਚ ਹੁਣਾਂ ਨੂੰ ਜਲਿ੍ਹਆਂਵਾਲ਼ੇ ਬਾਗ਼ ਦੇ ਸ਼ਹੀਦਾਂ ਨੂੰ ਮਾਨਤਾ ਦਿਵਾਉਣ ਲਈ ਪਟੀਸ਼ਨ ਪਾਉਣ ‘ਚ ਮਿਲਿਆ।28 ਜਨਵਰੀ 2009 ਨੂੰ ਇਸ ਪਟੀਸ਼ਨ ਦੇ ਹੱਕ ‘ਚ ਫੈਸਲਾ ਆਇਆ। ਪੰਚਕੂਲਾ ਵਿਖੇ ਰਹਿੰਦੇ 90 ਸਾਲਾਂ ਮਾਲਵਿੰਦਰ ਸਿੰਘ ਵੜੈਚ ਨੇ ਸਾਰੀ ਜ਼ਿੰਦਗੀ ਅਜ਼ਾਦੀ ਘੁਲਾਟੀਆ ਬਾਰੇ ਲਿਖਦੇ ਅਤੇ ਖੋਜ ਕਾਰਜ ‘ਚ ਲੰਘਾਈ ਹੈ।ਉਹਨਾਂ ਦੇ ਸਿਰੜ ਨਾਲ ਗਦਰ ਲਹਿਰ,ਕਾਮਾਗਾਟਾ ਮਾਰੂ,ਕੂਕਾ ਲਹਿਰ ਅਤੇ ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਸਰਕਾਰੀ ਤੌਰ ‘ਤੇ ਮਾਨਤਾ ਮਿਲੀ।2009 ਤੋਂ ਪਹਿਲਾਂ ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਕੇਂਦਰ ਸਰਕਾਰ ਵੱਲੋਂ ਸ਼ਹੀਦੀ ਦਰਜਾ ਪ੍ਰਾਪਤ ਨਹੀਂ ਸੀ।ਇਸ ਦਾ ਨਤੀਜਾ ਇਹ ਸੀ ਕਿ ਇਹਨਾਂ ਸਾਕਿਆਂ ਅਤੇ ਲਹਿਰਾਂ ਦੇ ਸ਼ਹੀਦ ਪਰਿਵਾਰਾਂ ਨੂੰ ਕੋਈ ਪਛਾਣ ਅਤੇ ਵਿੱਤੀ ਸਹਾਇਤਾ ਹਾਸਲ ਨਹੀਂ ਹੁੰਦੀ ਸੀ।
ਵੜੈਚ ਦੱਸਦੇ ਹਨ ਕਿ ਉਸ ਸਮੇਂ ਜਸਟਿਸ ਮੋਂਗੀਆ ਦੀ ਬੈਂਚ ਨੇ ਆਪਣੀ ਅਸਾਮ ਬਦਲੀ ਤੋਂ ਪਹਿਲਾਂ ਗਦਰ ਪਾਰਟੀ ਦੇ ਸ਼ਹੀਦਾਂ ਦਾ ਨੋਟਸ ਦਾਇਰ ਕਰ ਲਿਆ ਸੀ।ਇੱਕ ਪੁਰਾਣਾ ਹਵਾਲਾ ਇਹ ਸੀ ਕਿ ਗਿਆਨੀ ਜ਼ੈਲ ਸਿੰਘ ਹੁਣਾਂ ਦੇ ਇੱਕ ਪ੍ਰੈਸ ਨੋਟ ‘ਚ ਕੂਕਾ ਲਹਿਰ ਅਤੇ ਬੰਗਾਲ ਅੰਦੋਲਨ ਦੇ ਦੇਸ਼ ਭਗਤਾਂ ਨੂੰ ਸ਼ਹੀਦਾਂ ਦਾ ਦਰਜਾ ਦੇਣ ਦਾ ਜ਼ਿਕਰ ਦਰਜ ਸੀ।ਇਸੇ ਅਧਾਰ ‘ਤੇ ਅਸੀਂ ਇਹ ਗੱਲ ਰੱਖੀ ਕਿ ਜੇ ਬੰਗਾਲ ਦੇ ਸ਼ਹੀਦਾਂ ਨੂੰ ਮਾਨਤਾ ਮਿਲ ਗਈ ਹੈ ਤਾਂ ਕੂਕਾ ਲਹਿਰ ਦੇ ਸ਼ਹੀਦਾਂ ਨੂੰ ਕਿਉਂ ਨਹੀਂ ਮਿਲੀ? ਇਸ ਤੋਂ ਬਾਅਦ ਸਮੇਂ ਦਰ ਸਮੇਂ ਗਦਰ,ਕਾਮਾਗਾਟਾ ਮਾਰੂ,ਕੂਕਾ ਅਤੇ ਜਲਿ੍ਹਆਂਵਾਲ਼ੇ ਬਾਗ਼ ਦੇ ਸ਼ਹੀਦਾਂ ਨੂੰ ਮਾਣ ਸਨਮਾਨ ਮਿਲਿਆ।ਮਾਲਵਿੰਦਰ ਸਿੰਘ ਵੜੈਚ ਮੁਤਾਬਕ ਇਹਨਾਂ ਸ਼ਹੀਦਾਂ ਦੇ ਪਰਿਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਜੇ ਪੂਰੀ ਤਰ੍ਹਾਂ ਪੈਨਸ਼ਨ ਨਹੀਂ ਮਿਲਦੀ ਅਤੇ ਅੱਗੇ ਦਾ ਕੇਸ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐੱਚ.ਸੀ.ਅਰੋੜਾ ਵੀ ਲੜ ਰਹੇ ਹਨ।

ਇਹ ਵੀ ਪੜ੍ਹੋ : ਜਲ੍ਹਿਆਂਵਾਲੇ ਬਾਗ਼ ਦਾ ਉਹ ਸਾਹਿਤ, ਜੋ ਅੰਗਰੇਜ਼ ਸਰਕਾਰ ਨੇ ਜ਼ਬਤ ਕੀਤਾ

ਇਹ ਵੀ ਪੜ੍ਹੋ : 
ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁਕੰਮਲ ਕਹਾਣੀ

ਇਹ ਵੀ ਪੜ੍ਹੋ :  ਇਨ੍ਹਾਂ ਸਰਦਾਰਾਂ ਦਾ ਸੀ ਜਲ੍ਹਿਆਂਵਾਲ਼ਾ ਵਾਲਾ ਬਾਗ


jasbir singh

News Editor

Related News