ਐਸ. ਡੀ. ਐਮ. ਦਫਤਰ ਤਪਾ ਵਲੋਂ ਚੈਂਬਰ ਅਲਾਟ ਨਾ ਕੀਤੇ ਜਾਣ ਤੇ ਇਲਾਕਾ ਵਾਸੀ ਪ੍ਰੇਸ਼ਾਨ

07/19/2017 2:23:14 PM


ਤਪਾ ਮੰਡੀ(ਢੀਂਗਰਾ)—ਐਸ. ਡੀ. ਐਮ. ਦਫਤਰ ਤਪਾ ਵਲੋ ਚੈਂਬਰਾਂ ਦੇ ਡਰਾਅ ਕੱਢੇ ਜਾਣ ਦੇ 20 ਦਿਨਾਂ ਬਾਅਦ ਵੀ ਚੈਂਬਰ ਅਲਾਟ ਨਾ ਕੀਤੇ ਜਾਣ ਤੇ ਇਲਾਕਾ ਵਾਸੀ, ਅਸਟਾਮ ਫਰੋਸਾਂ ਅਤੇ ਵਕੀਲਾਂ 'ਚ ਨਿਰਾਸ਼ਾ ਦਾ ਆਲਮ ਦੇਖਣ ਨੂੰ ਮਿਲੀਆ ਹੈ, ਕਿਉਕਿ ਉਨ੍ਹਾਂ ਕੋਲ ਨਾ ਤਾਂ ਐਸ. ਡੀ. ਐਮ. ਦਫਤਰ ਦੇ ਅੰਦਰ ਅਤੇ ਨਾ ਹੀ ਬਾਹਰ ਬੈਠਣ ਦੀ ਕੋਈ ਜਗ੍ਹਾ ਹੈ। ਕੁਝ ਇਲਾਕੇ ਦੇ ਵਾਸੀਆਂ ਨੇ ਅਤੇ ਅਸਟਾਮ ਫਰੋਸਾਂ ਨੇ ਦਫਤਰ ਦੇ ਬਾਹਰ ਆਮ ਲੋਕਾਂ ਦੇ ਘਰਾਂ ਦੇ ਬਾਹਰਲੇ ਕਮਰਿਆਂ ਨੂੰ ਆਪਣਾ ਠਿਕਾਨਾ ਬਣਾ ਰੱਖਿਆ ਹੈ। ਐਸ. ਡੀ. ਐਮ. ਅਤੇ ਤਹਿਸੀਲਦਾਰ ਦਾ ਦਫਤਰ ਜੋ ਪਹਿਲਾ ਮਾਰਕਿਟ ਕਮੇਟੀ ਦੀ ਇਮਾਰਤ 'ਚ ਚਲਦਾ ਸੀ, ਉਥੇ ਕਰੀਬ ਛੇ ਮਹੀਨੇ ਪਹਿਲਾਂ ਆਪਣੀ ਬਣੀ ਇਮਾਰਤ 'ਚ ਬਦਲ ਦਿੱਤਾ। ਉਸ ਸਮੇ ਸਾਰੇ ਵਕੀਲਾਂ ਅਤੇ ਲਿਖਣ ਵਾਲਿਆਂ ਨੂੰ ਇਹ ਕਿਹਾ ਕਿ ਜਲਦ ਹੀ ਉਨਾਂ ਨੂੰ ਨਵੀ ਇਮਾਰਤ 'ਚ ਚੈਬਰਾਂ ਲਈ ਸਥਾਨ ਦੇ ਦਿੱਤਾ ਜਾਵੇਗਾ, ਪਰ ਕਾਫੀ ਸਮਾਂ ਟਾਲ ਮਟੋਲ ਕਰਦੇ ਪ੍ਰਸ਼ਾਸਨ ਨੇ ਜਗ੍ਹਾ ਅਲਾਟ ਨਹੀਂ ਕੀਤੀ । 
ਆਖਰ ਨਵੇਂ ਆਏ ਐਸ. ਡੀ. ਐਮ. ਬੀ. ਐਸ. ਸ਼ੇਰਗਿੱਲ ਨੇ ਅਲਾਟਮੈਂਟ ਦਾ ਜ਼ਿਮ੍ਹੇਵਾਰੀ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਤੋ ਮਨਜੂਰੀ ਲੈ ਕੇ ਚੈਬਰਾਂ ਦੀ ਅਲਾਟਮੈਂਟ ਪਾਰਦਰਸ਼ੀ ਤਰੀਕੇ ਨਾਲ ਕਰ ਕੇ ਇਸਦੀ ਫਾਈਲ ਮਨਜੂਰੀ ਲਈ ਇਕ ਜੁਲਾਈ ਨੂੰ ਡਿਪਟੀ ਕਮੀਸ਼ਨਰ ਬਰਨਾਲਾ ਕੋਲ ਭੇਜ ਦਿੱਤੀ ।
ਇਸ ਮਾਮਲੇ ਤੇ ਵਕੀਲਾਂ ਦਾ ਇਕ ਵਫਦ ਡਿਪਟੀ ਕਮੀਸ਼ਨਰ ਬਰਨਾਲਾ ਨੂੰ ਮਿਲਿਆ, ਜਿਥੇ ਡੀ. ਸੀ. ਬਰਨਾਲਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਫਾਈਲ ਤਪਾ ਭੇਜ ਦਿੱਤੀ ਜਾਵੇਗੀ ਪਰ ਇਕ ਹਫਤਾ ਬੀਤ ਜਾਣ ਤੇ ਪ੍ਰਨਾਲਾ ਉਥੇ ਦਾ ਊਥੇ ਹੈ ।
ਭਰੋਸੇਯੋਗ ਸੂਤਰਾਂ ਅਨੁਸਾਰ ਡੀ. ਸੀ. ਦਫਤਰ ਦਾ ਇਕ ਬਾਬੂ ਇਹ ਫਾਈਲ ਨੂੰ ਦੱਬੀ ਬੈਠਾ ਹੈ ਅਤੇ ਫਾਈਲ ਨੂੰ ਪੁੱਟ ਕਰਨ ਵਿਚ ਜਾਨ ਬੁੱਝ ਕੇ ਦੇਰੀ ਕਰ ਰਿਹਾ ਹੈ। ਤਪਾ ਤਹਿਸੀਲ 'ਚ ਬੈਠੇ ਸਮੂਹ ਵਸੀਕਾ ਨਵੀਸ, ਅਸਟਾਮ ਫਰੋਸ਼ ਅਤੇ ਵਕੀਲਾਂ ਨੇ ਪ੍ਰਸ਼ਾਸਨ ਨੂੰ ਪੂਰਨਯੋਗ ਮੰਗ ਕੀਤੀ ਕਿ ਉਨ੍ਹਾਂ ਦੀ ਚੈਂਬਰਾ ਦੀ ਫਾਈਲ ਜਲਦੀ ਤੋਂ ਜਲਦੀ ਪਾਸ ਕੀਤੀ ਜਾਵੇ ਤਾਂ ਜੋ ਉਹ ਇਕ ਜਗ੍ਹਾ ਬੈਠ ਆਪਣਾ ਕੰਮ ਕਾਰ ਸਹੀ ਤਰੀਕੇ ਨਾਲ ਕਰ ਸਕਣ ।