ਐੱਸ. ਐੱਮ. ਓ. ਵੱਲੋਂ ਡਿਸਪੈਂਸਰੀ ’ਚ ਸਕਿਓਰਿਟੀ ਸਟਾਫ ਦੀ ਤਾਇਨਾਤੀ ਦਾ ਹੁਕਮ

05/15/2018 4:13:21 AM

 ਮੋਗਾ,  (ਸੰਦੀਪ ਸ਼ਰਮਾ)-  ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਸਥਿਤ ਡਿਸਪੈਂਸਰੀ ’ਚ ਤਾਇਨਾਤ ਸਟਾਫ ਧਮਕੀਆਂ ਕਾਰਨ ਦਿਮਾਗੀ ਪ੍ਰੇਸ਼ਾਨੀ ਵਿਚ ਡਿਊਟੀ ਕਰਨ ਨੂੰ ਮਜਬੂਰ ਹੈ। ਮਾਮਲਾ ਦਿਮਾਗੀ ਡਾਕਟਰ ਵੱਲੋਂ ਲਿਖੀ ਡਿਪ੍ਰੈਸ਼ਨ ਦੀ ਦਵਾਈ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਵੱਲੋਂ ਇਕ ਹੀ ਪਰਚੀ ’ਤੇ ਵਾਰ-ਵਾਰ ਦਵਾਈ ਦੇਣ ਦੀ ਜ਼ਿੱਦ ਕਰਨ ਦਾ ਹੈ। ਕਰਮਚਾਰੀ ਹਸਪਤਾਲ ਦੇ ਨਿਯਮਾਂ ਦੇ ਉਲਟ ਅਜਿਹਾ ਕਰਨ ਲਈ ਤਿਆਰ ਨਹੀਂ ਹਨ, ਜਿਸ ਕਰ ਕੇ ਉਕਤ ਲੋਕਾਂ ਵੱਲੋਂ ਉਨ੍ਹਾਂ ਨੂੰ ਧਮਕਾਇਆ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 
ਮਹਿਲਾ ਫਾਰਮਾਸਿਸਟ ਅਤੇ ਉਥੇ ਹੀ ਡਿਊਟੀ ’ਤੇ ਤਾਇਨਾਤ ਫਾਰਮਾਸਿਸਟ ਨੇ ਵਿਭਾਗੀ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਵਾਉਣ ਤੇ ਡਿਊਟੀ ਦੌਰਾਨ ਪੁਖਤਾ ਸੁਰੱਖਿਆ ਪ੍ਰਬੰਧ ਕਰਵਾਉਣ ਦੀ ਅਪੀਲ ਕੀਤੀ ਹੈ।
ਪਹਿਲਾਂ ਵੀ  ਅਧਿਕਾਰੀਆਂ ਨੂੰ  ਇਸ  ਸਬੰਧੀ ਕਰਵਾਇਆ  ਗਿਅਾ  ਹੈ ਜਾਣੂ
 ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਸਥਿਤ ਡਿਸਪੈਂਸਰੀ ’ਚ ਡਿਊਟੀ ’ਤੇ ਤਾਇਨਾਤ ਮਹਿਲਾ ਫਾਰਮਾਸਿਸਟ ਸੁਨੀਤਾ ਰਾਣੀ, ਫਾਰਮਾਸਿਸਟ ਅਨਿਲ ਸਿੰਗਲਾ ਨੇ ਦੱਸਿਆ ਕਿ ਹੱਦ ਉਸ ਸਮੇਂ ਹੋ ਗਈ, ਜਦੋਂ ਪਹਿਲਾਂ ਵਾਂਗ ਉਨ੍ਹਾਂ ਵੱਲੋਂ ਇਸ ਤਰ੍ਹਾਂ ਦਵਾਈ ਦੇਣ ਤੋਂ ਮਨ੍ਹਾ ਕਰਨ ’ਤੇ ਅਜਿਹੇ ਕੁੱਝ ਨੌਜਵਾਨਾਂ ਨੇ ਡਿਸਪੈਂਸਰੀ ’ਚ ਦਾਖਲ ਹੋ ਕੇ ਚੀਫ ਫਾਰਮਾਸਿਸਟ ਬਲਬੀਰ ਸਿੰਘ ਨੂੰ ਵੀ ਧਮਕਾਇਆ। ਇਹੀ ਨਹੀਂ ਉਨ੍ਹਾਂ ਨਾਲ ਹੱਥੋਪਾਈ ਵੀ ਕੀਤੀ। ਡਿਸਪੈਂਸਰੀ ਕਰਮਚਾਰੀਆਂ ਨੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਦੀ  ਅਪੀਲ  ਕੀਤੀ ਹੈ। 
 ਐੱਸ. ਐੱਮ. ਓ. ਦਾ ਪੱਖ
 ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨੇ ਇਸ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਕਰਮਚਾਰੀਆਂ ਦੀ ਸੁਰੱਖਿਆ ਲਈ ਡਿਸਪੈਂਸਰੀ ਬਾਹਰ ਸਕਿਓਰਿਟੀ ਸਟਾਫ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਮੰਨਿਆ ਕਿ ਹਸਪਤਾਲ ਵਿਚ ਕੁੱਝ ਸ਼ਰਾਰਤੀ ਅਨਸਰ ਹਸਪਤਾਲ ਦਾ ਮਾਹੌਲ  ਖਰਾਬ ਕਰ ਰਹੇ ਹਨ। ਉਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਅਨਸਰਾਂ ਨਾਲ ਕਿਸੇ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਤੁਰੰਤ ਸਕਿਓਰਿਟੀ ਸਟਾਫ ਨਾਲ ਸੰਪਰਕ ਕਰਨ ਤਾਂ ਕਿ ਅਜਿਹੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।


Related News