ਐੱਸ. ਡੀ. ਐੱਮ. ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ ਲੋਡਿੰਗ ਤੇ ਅਨ-ਲੋਡਿੰਗ ਕਰਨ ਵਾਲੇ

11/01/2017 6:13:28 AM

ਬਲਾਚੌਰ, (ਬੈਂਸ/ਬ੍ਰਹਮਪੁਰੀ)- ਭਾਵੇਂ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਨੇ ਬਲਾਚੌਰ 'ਚ ਭੱਦੀ ਰੋਡ ਅਤੇ ਗਹੂਣ ਰੋਡ 'ਤੇ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਹਿੱਤ ਪੱਤਰ ਜਾਰੀ ਕਰ ਕੇ ਸੜਕ ਕਿਨਾਰੇ ਗੱਡੀਆਂ ਖੜ੍ਹੀਆਂ ਕਰ ਕੇ ਲੋਡਿੰਗ ਅਤੇ ਅਨ-ਲੋਡਿੰਗ ਕਰਨ 'ਤੇ ਰੋਕ ਲਾਈ ਹੈ ਪਰ ਬਾਹਰੋਂ ਢੋਆ-ਢੁਆਈ ਦਾ ਕੰਮ ਕਰਨ ਵਾਲੇ ਐੱਸ. ਡੀ. ਐੱਮ. ਸਾਹਿਬ ਵੱਲੋਂ ਜਾਰੀ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ ਤੇ ਆਪਣਾ ਕੰਮ ਮਨਮਰਜ਼ੀ ਨਾਲ ਕਰ ਰਹੇ ਹਨ। 
ਪਿਛਲੇ ਦਿਨੀਂ ਸਬ-ਡਵੀਜ਼ਨ ਮੈਜਿਸਟ੍ਰੇਟ ਜਗਜੀਤ ਸਿੰਘ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੇ ਐਕਟ 2 ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤਾ ਸੀ ਕਿ ਬਲਾਚੌਰ-ਭੱਦੀ ਮਾਰਗ ਅਤੇ ਬਲਾਚੌਰ ਗਹੂਣ ਰੋਡ 'ਤੇ ਸਵੇਰੇ 8 ਤੋਂ ਰਾਤ 8 ਵਜੇ ਤੱਕ ਕਿਸੇ ਵੀ ਗੱਡੀ ਰਾਹੀਂ ਲੋਡਿੰਗ ਅਤੇ ਅਨ-ਲੋਡਿੰਗ ਦਾ ਕੰਮ ਨਹੀਂ ਕੀਤਾ ਜਾਵੇਗਾ ਪਰ ਅੱਜ ਵੱਖ-ਵੱਖ ਸਮਿਆਂ 'ਤੇ ਐੱਸ. ਡੀ. ਐੱਮ. ਸਾਹਿਬ ਵੱਲੋਂ ਜਾਰੀ ਹੁਕਮਾਂ ਦੀਆਂ ਧੱਜੀਆਂ ਉੱਡਦੀਆਂ ਵੇਖੀਆਂ ਗਈਆਂ, ਜਦੋਂ ਪੀ. ਐੱਨ. ਬੀ. ਬੈਂਕ ਗਹੂਣ ਮਾਰਗ 'ਤੇ ਇਕ ਟਾਟਾ 407 ਗੱਡੀ 'ਚੋਂ ਢੋਅ-ਢੁਆਈ ਦਾ ਕੰਮ ਬਿਨਾਂ ਰੁਕਾਵਟ ਜਾਰੀ ਰਿਹਾ। ਗੱਡੀ 'ਚੋਂ ਕਰਿਆਨੇ ਦਾ ਸਾਮਾਨ ਉਤਾਰਨ ਕਾਰਨ ਟ੍ਰੈਫਿਕ ਕਾਫੀ ਦੇਰ ਤੱਕ ਰੁਕੀ ਰਹੀ। ਐੱਸ.ਡੀ.ਐੱਮ. ਸਾਹਿਬ ਵੱਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕਾਰਜਸਾਧਕ ਅਫ਼ਸਰ ਤੇ ਡੀ.ਐੱਸ.ਪੀ. ਬਲਾਚੌਰ ਉਕਤ ਹੁਕਮਾਂ ਨੂੰ ਲਾਗੂ ਕਰਵਾਉਣ ਹਿੱਤ ਪੂਰੇ ਜ਼ਿੰਮੇਵਾਰ ਹਨ ਪਰ ਪੂਰਾ ਦਿਨ ਛੋਟੀਆਂ-ਵੱਡੀਆਂ ਗੱਡੀਆਂ ਵੱਲੋਂ ਕੰਮ ਬੇਰੋਕ ਜਾਰੀ ਰਿਹਾ।