ਯੂਕ੍ਰੇਨ 'ਚ ਪਾਣੀ ਖ਼ਰੀਦਣ ਲਈ ਨਕਦੀ ਨਹੀਂ, ATM ਕਾਰਡ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਵਿਦਿਆਰਥੀ

03/07/2022 1:49:44 PM

ਜਲੰਧਰ (ਪੁਨੀਤ)-ਯੂਕ੍ਰੇਨ ਵਿਚ ਜੰਗ ਕਦੋਂ ਤੱਕ ਚੱਲਣ ਵਾਲੀ ਹੈ, ਇਸ ਗੱਲ ਦਾ ਅੰਦਾਜ਼ਾ ਲਾ ਪਾਉਣਾ ਮੁਸ਼ਕਿਲ ਹੈ। ਇਨ੍ਹਾਂ ਹਾਲਾਤ ਵਿਚ ਜਿਹੜੇ ਲੋਕ ਉਥੇ ਫਸੇ ਹੋਏ ਹਨ, ਉਨ੍ਹਾਂ ਨੂੰ ਹਰ ਸਮੇਂ ਨਕਦੀ ਦੀ ਲੋੜ ਹੈ ਪਰ ਪਿਛਲੇ 10 ਦਿਨਾਂ ਤੋਂ ਬੈਂਕ ਆਦਿ ਬੰਦ ਹੋਣ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਕੋਲ ਨਕਦੀ ਖ਼ਤਮ ਹੋ ਚੁੱਕੀ ਹੈ। ਨਕਦੀ ਦੀ ਤੰਗੀ ਕਾਰਨ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਕਿਉਂਕਿ ਉਥੋਂ ਦੇ ਸਟੋਰ, ਮਾਰਕੀਟ ਸਣੇ ਹੋਰ ਥਾਵਾਂ ’ਤੇ ਏ. ਟੀ. ਐੱਮ. ਕਾਰਡ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ। ਨਕਦੀ ਲਈ ਉਨ੍ਹਾਂ ਨੂੰ 10 ਤੋਂ 15 ਫ਼ੀਸਦੀ ਕਮਿਸ਼ਨ ਵਜੋਂ ਦੇਣੇ ਪੈ ਰਹੇ ਹਨ।

ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਵਾਪਸ ਜਾਣ ਦੀ ਉਡੀਕ ਕਰ ਰਹੇ ਹਨ ਪਰ ਉਨ੍ਹਾਂ ਕੋਲ ਕੈਬ ਅਤੇ ਟਰੇਨ ਦੀ ਟਿਕਟ ਸਮੇਤ ਕਿਸੇ ਚੀਜ਼ ਦੀ ਖ਼ਰੀਦ ਕਰਨ ਲਈ ਪੈਸੇ ਨਹੀਂ ਹਨ। ਜਿੰਨਾ ਸੰਭਵ ਹੋ ਸਕੇ, ਉਨ੍ਹਾਂ ਪੈਸੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿੰਗੇ ਭਾਅ ਹੋਣ ਕਾਰਨ ਪਹਿਲਾਂ ਤੋਂ ਜ਼ਿਆਦਾ ਖ਼ਰਚ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕ੍ਰੀਮੀਆ ਤੋਂ 350 ਕਿਲੋਮੀਟਰ ਦੂਰ ਰੂਸ ਵਿਚ ਪੈਂਦੇ ਕ੍ਰਾਸਨੋਦਰ ਸ਼ਹਿਰ ਦੇ ਏ. ਟੀ. ਐੱਮ. ਵਿਚੋਂ ਪੈਸੇ ਨਿਕਲ ਰਹੇ ਹਨ, ਇਸ ਦੇ ਲਈ ਸ਼ਨੀਵਾਰ ਸ਼ਾਮ ਨੂੰ ਦਰਜਨ ਦੇ ਲਗਭਗ ਵਿਦਿਆਰਥੀਆਂ ਨੇ ਇਕ ਭਾਰਤੀ ਏਜੰਟ ਨੂੰ ਆਪਣਾ ਏ. ਟੀ. ਐੱਮ. ਕਾਰਡ ਅਤੇ ਉਸ ਦਾ ਪਿਨ ਨੰਬਰ ਦੇ ਕੇ ਪੈਸੇ ਕਢਵਾਉਣ ਲਈ ਭੇਜਿਆ। ਐਤਵਾਰ ਸ਼ਾਮ ਨੂੰ ਉਕਤ ਵਿਅਕਤੀ ਵਾਪਸ ਆਇਆ ਅਤੇ ਕੈਸ਼ ਕਢਵਾਉਣ ਲਈ ਉਸ ਨੇ 15 ਫ਼ੀਸਦੀ ਤੱਕ ਚਾਰਜ ਕੀਤਾ।

ਇਹ ਵੀ ਪੜ੍ਹੋ: BBMB ਅਤੇ ਯੂਕ੍ਰੇਨ ਮੁੱਦੇ ਨੂੰ ਲੈ ਕੇ CM ਚੰਨੀ ਨੇ ਅਮਿਤ ਸ਼ਾਹ ਕੋਲੋਂ ਮਿਲਣ ਦਾ ਮੰਗਿਆ ਸਮਾਂ

ਵਿਦਿਆਰਥੀਆਂ ਨੇ ਕਿਹਾ ਕਿ 10 ਤੋਂ 15 ਫ਼ੀਸਦੀ ਕਮਿਸ਼ਨ ਦੇਣ ਵਿਚ ਉਨ੍ਹਾਂ ਨੂੰ ਕੋਈ ਹਰਜ਼ ਨਹੀਂ ਕਿਉਂਕਿ ਇਨ੍ਹਾਂ ਹਾਲਾਤ ਵਿਚ ਪੈਸੇ ਮਿਲਣਾ ਬੇਹੱਦ ਮੁਸ਼ਕਿਲ ਸੀ ਪਰ ਉਕਤ ਵਿਅਕਤੀ ਨੇ ਇੰਨੀ ਦੂਰ ਜਾ ਕੇ ਉਨ੍ਹਾਂ ਨੂੰ ਪੈਸੇ ਲਿਆ ਕੇ ਦਿੱਤੇ। ਪੈਸੇ ਮਿਲਣ ਤੋਂ ਬਾਅਦ ਉਨ੍ਹਾਂ ਨੇ ਖਾਣ-ਪੀਣ ਦਾ ਸਾਮਾਨ ਖ਼ਰੀਦਿਆ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਖ਼ਰੀਦਦਾਰੀ ਕੀਤੀ। ਕਾਰਡ ਸਵੀਕਾਰ ਨਾ ਕੀਤੇ ਜਾਣ ਕਾਰਨ ਇਹ ਪ੍ਰੇਸ਼ਾਨੀ ਵਧ ਰਹੀ ਹੈ।

ਯੂਨੀਵਰਸਿਟੀ ਦੇ ਏਜੰਟ ਭਾਰਤ ਤੋਂ ਪੈਸੇ ਲੈ ਕੇ ਯੂਕ੍ਰੇਨ ’ਚ ਦੇ ਰਹੇ ਨਕਦੀ
ਉਥੇ ਹੀ, ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਹਰੇਕ ਵਿਦਿਆਰਥੀ ਦੀ ਕਿਸੇ ਨਾ ਕਿਸੇ ਏਜੰਟ ਨਾਲ ਜਾਣ-ਪਛਾਣ ਹੈ। ਦੱਸਿਆ ਜਾ ਰਿਹਾ ਹੈ ਕਿ ਮਾਤਾ-ਪਿਤਾ ਤੋਂ ਪੈਸੇ ਲੈ ਕੇ ਯੂਕ੍ਰੇਨ ਵਿਚ ਵਿਦਿਆਰਥੀਆਂ ਨੂੰ ਨਕਦੀ ਮੁਹੱਈਆ ਕਰਵਾਈ ਹੈ। ਇਸ ਦੇ ਲਈ ਉਨ੍ਹਾਂ ਵੱਲੋਂ 5 ਫ਼ੀਸਦੀ ਤੋਂ ਵੀ ਘੱਟ ਦੀ ਕਮਿਸ਼ਨ ਲਈ ਗਈ ਹੈ। ਇਹ ਭਾਰਤੀ ਏਜੰਟ ਵਿਦਿਆਰਥੀ ਨਾਲ ਵਧੀਆ ਸਬੰਧ ਬਣਾ ਕੇ ਚੱਲਦੇ ਹਨ ਤਾਂ ਜੋ ਭਵਿੱਖ ਵਿਚ ਉਨ੍ਹਾਂ ਦਾ ਕੰਮ ਚੱਲਦਾ ਰਹੇ।

ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri