ਪੇਂਡੂ ਮਜ਼ਦੂਰਾਂ ਕੀਤੀ ਰੋਸ ਰੈਲੀ

01/26/2018 3:42:49 AM

ਬਾਘਾਪੁਰਾਣਾ,  (ਰਾਕੇਸ਼)-  ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਮਜ਼ਦੂਰਾਂ ਨੂੰ ਬਿਜਲੀ ਦੇ ਬਿੱਲ ਜ਼ਿਆਦਾ ਆਉਣ ਅਤੇ ਪੰਜਾਬ ਸਰਕਾਰ ਵੱਲੋਂ ਮੁਆਫ 400 ਯੂਨਿਟ ਖਤਮ ਕਰਨ 'ਤੇ ਮਜ਼ਦੂਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਬਿਜਲੀ ਮੀਟਰਾਂ ਦੇ ਕੁਨੈਕਸ਼ਨ ਕੱਟੇ ਜਾਣ ਬਾਰੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਆਖਿਆ ਕਿ ਕੈਪਟਨ ਸਰਕਾਰ ਦੇ ਹੁਕਮਾਂ ਅਨੁਸਾਰ ਮਜ਼ਦੂਰ ਘਰਾਂ ਦੇ ਧੜਾਧੜ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ।
ਕਈਆਂ ਪਰਿਵਾਰਾਂ ਨੂੰ 20 ਹਜ਼ਾਰ ਤੋਂ ਵੱਧ ਬਿੱਲ ਆਏ ਹਨ। ਪਹਿਲਾਂ ਮੁਆਫੀ ਆਉਂਦੀ ਸੀ, ਜਿਹੜੀ ਹੁਣ ਖਤਮ ਹੋ ਗਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਸਾਰੇ ਮਹਿਕਮੇ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੇ ਹਨ। ਉਨ੍ਹਾਂ 'ਚ ਇਕ ਹੈ ਬਿਜਲੀ ਬੋਰਡ। ਪੰਜਾਬ ਸਰਕਾਰ ਵੱਲੋਂ ਸਰਮਾਏਦਾਰ ਲੋਕਾਂ ਨੂੰ 374 ਕਰੋੜ ਰੁਪਏ ਦੀ ਸਬਸਿਡੀ ਦੇ ਦਿੱਤੀ ਗਈ ਹੈ। ਮਜ਼ਦੂਰਾਂ ਦੇ ਘਰਾਂ 'ਚ ਲਗਾਤਾਰ ਹਨੇਰਾ ਕੀਤਾ ਜਾ ਰਿਹਾ ਹੈ। ਸੰਘਰਸ਼ ਕਰ ਕੇ ਅਕਾਲੀ ਸਰਕਾਰ ਤੋਂ ਜੋ ਮੰਗਾਂ ਮਨਵਾਈਆਂ ਸਨ, ਉਹ ਕੈਪਟਨ ਸਰਕਾਰ ਨੇ ਖਤਮ ਕਰ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਮਜ਼ਦੂਰਾਂ ਨੂੰ ਪਲਾਟ, ਬਿਜਲੀ ਦੀ ਮੁਆਫੀ, 2500 ਰੁਪਏ ਪੈਨਸ਼ਨ ਤੇ ਹਰ ਘਰ ਰੁਜ਼ਗਾਰ ਦੇਣ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਹੱਕ ਮੰਗਦੇ ਲੋਕਾਂ 'ਤੇ ਡਾਂਗ ਵਰ੍ਹਾਈ ਜਾਂਦੀ ਹੈ। 
ਉਨ੍ਹਾਂ ਆਖਿਆ ਕਿ ਅਕਾਲੀ ਕਾਂਗਰਸ 'ਚ ਕੋਈ ਫਰਕ ਨਹੀਂ। ਸਿਰਫ ਉਨ੍ਹਾਂ ਦੀਆਂ ਪੱਗਾਂ ਦੇ ਰੰਗ ਹੀ ਬਦਲੇ ਹਨ। ਕਾਂਗਰਸੀ ਵੀ ਅਕਾਲੀਆਂ ਵਾਲੀ ਹੀ ਸੋਚ ਰਖਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਰਾਂ 'ਚ ਕੀਤਾ ਵਾਧਾ ਸਰਕਾਰ ਵਾਪਸ ਲਏ, ਕੱਟੇ ਹੋਏ ਕੁਨੈਕਸ਼ਨ ਬਹਾਲ ਕੀਤੇ ਜਾਣ ਅਤੇ ਪੈਨਸ਼ਨ 2500 ਰੁਪਏ ਕੀਤੀ ਜਾਵੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਅਤੇ ਬਿਜਲੀ ਕੁਨੈਕਸ਼ਨ ਕੱਟਣੇ ਬੰਦ ਨਾ ਹੋਏ ਤਾਂ ਐੱਸ. ਡੀ. ਓਜ਼. ਦਫਤਰਾਂ ਦੇ ਘਿਰਾਓ ਕੀਤੇ ਜਾਣਗੇ। ਇਸ ਮੌਕੇ ਅਵਤਾਰ ਸਿੰਘ ਬਿੱਟਾ, ਜਸਵੀਰ ਸਿੰਘ, ਸ਼ਿਵਕਰਨ ਕੋਟਲਾ, ਇੰਦਰਜੀਤ ਰਾਜੇਆਣਾ, ਗੁਰਾ ਕੋਟਲਾ, ਭਜਨਾ ਕੋਟਲਾ, ਵਿੱਕੀ ਕੋਟਲਾ ਤੇ ਬਿੰਦਾ ਕੋਟਲਾ ਆਦਿ ਸ਼ਾਮਲ ਸਨ।